ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਸਤੰਬਰ
ਇਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ’ਚ ਇਲਾਜ ਦੌਰਾਨ ਨਸ਼ਿਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ’ਚ ਸਫ਼ਲ ਹੋਏ ਦੋ ਨੌਜਵਾਨਾਂ ਨੂੰ ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਭਜੋਤ ਸਿੰਘ ਕਾਲੇਕਾ ਦੀ ਹਾਜ਼ਰੀ ’ਚ ਪ੍ਰਬੰਧਕਾਂ ਵੱਲੋਂ ਸ਼ੁਭ ਇਛਾਵਾਂ ਦੇ ਕੇ ਘਰ ਭੇਜਿਆ ਗਿਆ। ਇਹ ਦੋਵੇਂ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਚਿੱਟੇ ਤੇ ਹੋਰ ਨਸ਼ਿਆਂ ਦੇ ਗੁਲਾਮ ਬਣੇ ਹੋਏ ਸਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਪੁੱਤ ਗਵਾਉਣ ਦਾ ਖਦਸ਼ਾ ਬਣਿਆ ਹੋਇਆ ਸੀ ਪਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ’ਚ ਕਰੀਬ ਦੋ ਢਾਈ ਮਹੀਨਿਆਂ ਦੇ ਇਲਾਜ ਮਗਰੋਂ ਇਹ ਦੋਵੇਂ ਨੌਜਵਾਨ ਅੱਜ ਨਸ਼ਿਆਂ ਨੂੰ ਗਲੋਂ ਲਾਹ ਕੇ ਚੰਗੇ ਇਨਸਾਨ ਬਣ ਕੇ ਬੇਹਤਰ ਜ਼ਿੰਦਗੀ ਜਿਉਣ ਦੀ ਉਮੀਦ ਨਾਲ ਘਰ ਰਵਾਨਾ ਹੋਏ।
ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਖਨੌਰੀ ਇਲਾਕੇ ਨਾਲ ਸਬੰਧਤ ਨੌਜਵਾਨ ਪਿਛਲੇ 15 ਸਾਲਾਂ ਤੋਂ ਨਸ਼ਿਆਂ ’ਚ ਫਸਿਆ ਹੋਇਆ ਸੀ। ਨੌਜਵਾਨ ਨੇ ਖੁਦ ਦੱਸਿਆ ਹੈ ਕਿ ਡੇਢ ਦਹਾਕੇ ਦੌਰਾਨ ਉਸਨੇ ਤਿੰਨ ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ। ਅੱਠਵੀਂ ਕਲਾਸ ’ਚ ਉਹ ਤੰਬਾਕੂ, ਬੀੜੀ ਦਾ ਸੇਵਨ ਕਰਨ ਲੱਗ ਪਿਆ ਸੀ ਜਿਸ ਮਗਰੋਂ ਹੌਲੀ ਹੌਲੀ ਦੂਜਾ ਨਸ਼ਾ ਕਰਨ ਲੱਗ ਪਿਆ। ਨਸ਼ੇ ਦੀ ਅਜਿਹੀ ਲੱਤ ਲੱਗੀ ਕਿ ਪਰਿਵਾਰ ਨੇ ਪਹਿਲਾਂ ਤਿੰਨ ਨਿੱਜੀ ਨਸ਼ਾ ਛੁਡਾਊ ਕੇਂਦਰਾਂ ’ਚ ਇਲਾਜ ਲਈ ਦਾਖਲ ਕਰਾਇਆ ਪਰ ਨਸ਼ਾ ਮੁਕਤ ਨਾ ਹੋ ਸਕਿਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਨੌਜਵਾਨ ਢਾਈ ਮਹੀਨੇ ਇਥੇ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਰਿਹਾ ਹੈ। ਦਵਾਈ, ਦੁਆ, ਕੌਂਸਲਿੰਗ ਆਦਿ ਨਾਲ ਉਹ ਇਸਨੂੰ ਨਸ਼ਾ ਮੁਕਤ ਕਰਨ ’ਚ ਸਫ਼ਲ ਹੋਏ ਹਨ। ਨਾਭਾ ਇਲਾਕੇ ਦਾ ਇੱਕ ਨੌਜਵਾਨ ਵੀ ਤਿੰਨ ਸਾਲਾਂ ਤੋਂ ਚਿੱਟੇ ਦਾ ਸ਼ਿਕਾਰ ਸੀ। ਇਹ ਵੀ ਨਸ਼ਾ ਮੁਕਤ ਹੋਣ ਮਗਰੋਂ ਅੱਜ ਪਰਿਵਾਰ ਨਾਲ ਘਰ ਪਰਤ ਗਿਆ।
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ ਵੱਲੋਂ ਦੋਵੇਂ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਭਵਿੱਖ ’ਚ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਦੂਰ ਰਹਿਕੇ ਮਾਪਿਆਂ, ਸਮਾਜ, ਪ੍ਰਾਂਤ ਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣ। ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 9 ਹਜ਼ਾਰ ਇਸ ਕੇਂਦਰ ਤੋਂ ਨਸ਼ਾ ਮੁਕਤ ਹੋ ਚੁੱਕੇ ਹਨ।