ਨਿੱਜੀ ਪੱਤਰ ਪ੍ਰੇਰਕ
ਨਾਭਾ, 7 ਨਵੰਬਰ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਖਿਲਾਫ ਮੁਹਿੰਮ ’ਚ ਕਿਸੇ ਸਮੇਂ ਮੋਢੀ ਰਹੇ ਕਿਸਾਨ ਸਰਕਾਰ ਵੱਲੋਂ ਬਾਂਹ ਨਾ ਫੜੇ ਜਾਣ ਕਾਰਨ ਹੁਣ ਵਾਪਸ ਅੱਗ ਲਾਉਣ ਵੱਲ ਪਰਤ ਰਹੇ ਹਨ। ਨਾਭਾ ਦੇ ਪਿੰਡ ਘਨੁੜਕੀ ਦੇ ਕਿਸਾਨ ਚਮਕੌਰ ਸਿੰਘ, ਜੋ ਕਿਸੇ ਸਮੇਂ ਹੋਰਨਾਂ ਨੂੰ ਪਰਾਲੀ ਸਾੜਨ ਖਿਲਾਫ ਪ੍ਰੇਰਦੇ ਸਨ, ਉਹ ਅੱਜ ਕਿਸਾਨ ਯੂਨੀਅਨ ਨਾਲ ਨਾੜ ਸਾੜਨ ਵਾਲੇ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਕਰਦੇ ਹਨ ਕਿਉਂਕਿ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲਾ ਇੱਕ ਪਲਾਂਟ ਉਸ ਦੀ ਪਰਾਲੀ ਦਾ ਕਥਿਤ 9 ਲੱਖ ਦੇ ਕਰੀਬ ਬਕਾਇਆ ਦੱਬ ਗਿਆ।
ਰਾਜਪੁਰਾ ਦੇ ਪੰਜਾਬ ਬਾਇਓਮਾਸ ਪਾਵਰ ਲਿਮਟਿਡ ਦੇ ਨਾਲ ਹੋਏ ਕਰਾਰ ਮੁਤਾਬਕ ਚਮਕੌਰ ਸਿੰਘ ਨੇ 1300 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ 11.4 ਲੱਖ ਦੀ ਪਰਾਲੀ ਦੀਆਂ ਗੱਠਾਂ ਪਲਾਂਟ ਨੂੰ ਪਹੁੰਚਾਈਆਂ ਜਿਸ ਦਾ 50 ਪ੍ਰਤੀਸ਼ਤ ਭੁਗਤਾਨ ਦਸੰਬਰ 2017 ਅਤੇ ਪੂਰਨ ਭੁਗਤਾਨ ਮਾਰਚ 2018 ’ਚ ਹੋਣਾ ਸੀ ਪਰ ਚਮਕੌਰ ਸਿੰਘ ਮੁਤਾਬਕ ਉਸ ਨੂੰ ਕੇਵਲ 2.5 ਲੱਖ ਹੀ ਅਦਾ ਕੀਤੇ ਗਏ। ਬਕਾਇਆਂ ਦੇ ਭੁਗਤਾਨ ਸਬੰਧੀ ਚਮਕੌਰ ਸਿੰਘ ਦੀ ਚਿੱਠੀ ਏਡੀਸੀ ਤੋਂ ਮੁੱਖ ਖੇਤੀਬਾੜੀ ਅਫਸਰ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਤੋਂ ਡੀਸੀ ਅਤੇ ਫਿਰ ਮੁੱਖ ਖੇਤੀਬਾੜੀ ਅਫਸਰ ਕੋਲ ਘੁੰਮਦੀ ਰਹੀ ਪਰ ਕਿਸੇ ਕੋਲੋਂ ਬਕਾਇਆ ਰਕਮ ਦੀ ਅਦਾਇਗੀ ਨਾ ਕਰਵਾਈ ਗਈ। ਚਮਕੌਰ ਸਿੰਘ ਨੇ ਕਿਹਾ ਕਿ ਉਸ ਨੇ 3.5 ਲੱਖ ਮਜ਼ਦੂਰੀ, 1.5 ਲੱਖ ਗੱਠਾਂ ਬਣਾਉਣ ਵਾਲੇ ਧਾਗੇ, ਤੇਲ ਅਤੇ ਮਸ਼ੀਨਰੀ ਉੱਪਰ ਲੱਖਾਂ ਰੁਪਏ ਖਰਚ ਕੀਤੇ ਪਰ ਹੁਣ ਉਹ ਨਿਰਾਸ਼ ਹੋ ਕੇ ਅੱਗ ਲਾਉਣ ਲਈ ਮਜਬੂਰ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੁਤਾਬਕ ਰਾਜਪੁਰਾ ਪਲਾਂਟ 70 ਦੇ ਕਰੀਬ ਕਿਸਾਨਾਂ ਦਾ 4 ਕਰੋੜ ਰੁਪਏ ਦੱਬ ਕੇ ਆਪਣੀ ਇੱਟ ਇੱਟ ਇਥੋਂ ਚੁੱਕ ਕੇ ਲੈ ਗਿਆ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਭੁਗਤਾਨ ਖਾਤਰ ਕੀਤੇ ਧਰਨੇ ਮੁਜ਼ਾਹਰਿਆਂ ਦੌਰਾਨ ਪ੍ਰਸ਼ਾਸਨ ਨੇ ਆਪਣੇ ਆਪ ਨੂੰ ਬੇਬਸ ਦੱਸਦੇ ਹੋਏ ਸਾਨੂੰ ਅਦਾਲਤ ਵਿੱਚ ਕੇਸ ਕਰਨ ਦੀ ਸਲਾਹ ਦਿੱਤੀ।
ਪੇਡਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਪਲਾਂਟ ਬਿਜਲੀ ਵਿਭਾਗ ਲੈ ਕੇ ਆਇਆ ਸੀ। ਉਧਰ ਬਿਜਲੀ ਵਿਭਾਗ ਦੇ ਪਾਵਰ ਜਨਰੇਸ਼ਨ ਦੇ ਨਿਰਦੇਸ਼ਕ ਪਰਮਜੀਤ ਸਿੰਘ ਨੇ ਇਸ ਬਾਰੇ ਬਹੁਤੀ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਪਲਾਂਟ ਨੇ ਵਿਭਾਗ ਨੂੰ ਕਰਾਰ ਮੁਤਾਬਕ ਬਿਜਲੀ ਦੇਣੀ ਬੰਦ ਕਰ ਦਿੱਤੀ ਸੀ ਜਿਸ ਪਿੱਛੋਂ ਉਨ੍ਹਾਂ ਦਾ ਕੰਟ੍ਰੈਕਟ ਰੱਦ ਕਰ ਦਿੱਤਾ ਗਿਆ ਸੀ। ਕੰਪਨੀ ਦੇ ਵਿਰੇਨ ਅਹੂਜਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਪੰਜਾਬ ਅਤੇ ਪੱਤਰਕਾਰ ਸੁਣਦੇ ਹੀ ਫੋਨ ਕੱਟ ਦਿੱਤਾ ਅਤੇ ਉਸ ਪਿੱਛੋਂ ਫੋਨ ਜਾਂ ਮੈਸੇਜ ਦਾ ਜੁਆਬ ਨਹੀਂ ਦਿੱਤਾ।
ਸੁਖਚੈਨ ਸਿੰਘ ਅਤੇ ਗੁਰਕੁਬੇਰ ਸਿੰਘ ਸਮੇਤ ਜਿਨ੍ਹਾਂ ਨੇ ਪਲਾਂਟ ਨੂੰ ਪਰਾਲੀ ਪਹੁੰਚਾਈ, ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨ ਦੀ ਚਾਹਵਾਨ ਹੁੰਦੀ ਤਾਂ ਕੰਪਨੀ ਆਪਣੀ ਸਾਰੀ ਮਸ਼ੀਨਰੀ ਅਤੇ ਉਸਾਰੀ ਪੁੱਟ ਕੇ ਜ਼ਮੀਨ ਵੇਚ ਕੇ ਬਿਨਾਂ ਸਾਡੀ ਰਕਮ ਦਿੱਤੇ ਭੱਜ ਨਹੀਂ ਸੀ ਸਕਦੀ।