ਹਰਦੀਪ ਸਿੰਘ ਸੋਢੀ
ਧੂਰੀ, 7 ਸਤੰਬਰ
ਖੇੜੀ ਆਸ਼ਰਮ ਦੇ ਸੰਚਾਲਕ ਬਾਬਾ ਗੁਰਵਿੰਦਰ ਸਿੰਘ ਨੂੰ ਲੰਘੇ ਦਿਨੀਂ ਧਰਨੇ ਦੌਰਾਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਪਿੰਡ ਖੇੜੀ ਦੇ ਵੱਡੀ ਗਿਣਤੀ ਲੋਕਾਂ ਨੇ ਥਾਣਾ ਸਿਟੀ ਧੂਰੀ ਪਹੁੰਚ ਕੇ ਜਿੱਥੇ ਥਾਣਾ ਮੁੱਖੀ ਹਰਜਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਉੱਥੇ ਹੀ ਬਾਬਾ ਗੁਰਵਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਦਿੰਦਿਆਂ ਇਨਸਾਫ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਭਵਿੱਖਬਾਣੀਆਂ ਕਰਨ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹੇ ਬਾਬਾ ਗੁਰਵਿੰਦਰ ਸਿੰਘ ਖੇੜੀ ਵੱਲੋਂ ਥਾਣਾ ਸਦਰ ਧੂਰੀ ਵਿੱਚ ਦਰਜ ਇਕ ਕੇਸ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੰਘੇ ਸੋਮਵਾਰ ਨੂੰ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਸਥਾਨਕ ਕੱਕੜਵਾਲ ਚੌਕ ਵਿੱਚ ਧਰਨਾ ਲਗਾਇਆ ਗਿਆ ਸੀ। ਕਾਫੀ ਸਮਾਂ ਚੱਲੇ ਧਰਨੇ ਕਾਰਨ ਵਿਗੜੀ ਟਰੈਫਿਕ ਵਿਵਸਥਾ ਨੂੰ ਦੇਖਦੇ ਹੋਏ ਪੁਲੀਸ ਨੇ ਬਾਬੇ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ। ਉਪਰੰਤ ਬਾਬਾ ਗੁਰਵਿੰਦਰ ਸਿੰਘ ਨੂੰ ਲੰਘੇ ਦਿਨ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਬਾਬਾ ਗੁਰਵਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਬਾਬਾ ਗੁਰਵਿੰਦਰ ਸਿੰਘ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਲੋਕਾਂ ਨੂੰ ਆਪਸ ਵਿੱਚ ਲੜਾ ਰਿਹਾ ਹੈ ਅਤੇ ਉਸ ਵੱਲੋਂ ਇਕ ਵਿਅਕਤੀ ਨੂੰ ਮੋਹਰਾ ਬਣਾ ਕੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਆੜ ਹੇਠ ਬਾਬਾ ਗੁਰਵਿੰਦਰ ਸਿੰਘ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 452 ਤਹਿਤ ਦਰਜ ਕੇਸ ਨੂੰ ਰੱਦ ਕਰਵਾਉਣ ਲਈ ਦਬਾਅ ਬਣਾ ਰਿਹਾ ਹੈ ਅਤੇ ਇਸੇ ਮਕਸਦ ਨਾਲ ਉਸ ਵੱਲੋਂ ਕੱਕੜਵਾਲ ਚੌਕ ਵਿੱਚ ਧਰਨਾ ਲਗਾਇਆ ਗਿਆ ਸੀ।
ਪਿੰਡ ਵਾਸੀਆਂ ਦੇ ਬਿਆਨ ਕਲਮਬੰਦ ਕਰ ਰਹੇ ਹਾਂ: ਐੱਸਐੱਚਓ
ਇਸ ਸੰਬੰਧੀ ਜਦੋਂ ਥਾਣਾ ਸਿਟੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਖੇੜੀ ਦੇ ਵੱਡੀ ਗਿਣਤੀ ਲੋਕ ਬਾਬਾ ਗੁਰਵਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਨਾਲ ਕੀਤੀਆਂ ਵਧੀਕੀਆਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣ ਪੁੱਜੇ ਸਨ ਅਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਇਸ ਸਬੰਧੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁੱਛਗਿਛ ’ਚ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਸਿੰਘ ਖੇੜੀ ਰਾਜਨੀਤੀ ’ਚ ਆਉਣਾ ਚਾਹੁੰਦਾ ਸੀ ਅਤੇ ਉਹ ਆਪਣੀ ਪਬਲੀਸਿਟੀ ਕਰ ਕੇ ਗੰਨਮੈਨ ਲੈਣਾ ਚਾਹੁੰਦਾ ਸੀ ਅਤੇ ਉਸ ਵੱਲੋਂ ਪੁਲੀਸ ਨੂੰ ਅਰਜ਼ੀ ਵੀ ਦਿੱਤੀ ਹੋਈ ਹੈ।