ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਨਵੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਵੱਲੋਂ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਸਥਾਨਕ ਧੂਰੀ -ਮਾਲੇਰਕੋਟਲਾ ਸੜਕ ’ਤੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਧਰਨਾ ਜਾਰੀ ਹੈ।
ਅੱਜ ਧਰਨੇ ਦੇ 37ਵੇਂ ਦਿਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਤੇਜਪਾਲ ਸਿੰਘ ਕੁਠਾਲਾ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਰਟੋਲਾਂ, ਗੁਰਮੀਤ ਸਿੰਘ ਮੁਬਾਰਿਕਪੁਰ ਤੇ ਗੁਲਜ਼ਾਰ ਖਾਂ ਹਥੋਆ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਭੜਕਾਹਟ ਭਰੀਆਂ ਕਾਰਵਾੲੀਆਂ ਦੇ ਬਾਵਜੂਦ ਕਿਸਾਨ ਜ਼ਾਬਤੇ ‘ਚ ਰਹਿ ਕੇ ਸੰਘਰਸ਼ ਕਰ ਰਹੇ ਹਨ। ਕਿਸਾਨ ਕੱਤਕ ਦੇ ਬੇਹੱਦ ਰੁਝੇਂਵੇਂ ਭਰੇ ਮਹੀਨੇ ‘ਚ ਵੀ ਧਰਨਿਆਂ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਕਿਸਾਨਾਂ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿੰਨੀ ਕੁ ਨਰਾਜ਼ਗੀ ਹੈ। ਕੇਂਦਰ ਸਰਕਾਰ ਨੂੰ ਜ਼ਿਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਆਗੂਆਂ ਕਿਹਾ ਕਿ ਦੇਸ਼ ਦਾ ਕਿਸਾਨ ਆਪ ਭੁੱਖਾ ਤਿਹਾਇਆ ਰਹਿ ਕੇ ਦੇਸ਼ ਨੂੰ ਅਨਾਜ ਮੁਹੱਈਆ ਕਰਵਾ ਰਿਹਾ ਹੈ, ਇਸ ਲਈ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇਵੇ।
ਅੱਜ ਦੇ ਧਰਨੇ ਨੂੰ ਬਲਵੀਰ ਕੌਰ ਘਨੌਰ ਕਲਾਂ, ਚਮਕੌਰ ਸਿੰਘ ਹਥਨ, ਦਰਸ਼ਨ ਸਿੰਘ ਭੈਣੀ, ਜਗਤਾਰ ਸਿੰਘ ਕਲੇਰਾਂ ਅਤੇ ਮਹਿੰਦਰ ਕੌਰ ਚਾਂਗਲੀ ਆਦਿ ਨੇ ਵੀ ਸੰਬੋਧਨ ਕੀਤਾ।
ਐਂਪਲਾਈਜ਼ ਫੈੱਡਰੇਸ਼ਨ ਪਾਵਰਕੌਮ ਵੱਲੋਂ ਸੰਘਰਸ਼ ਦੀ ਹਮਾਇਤ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਐਂਪਲਾਈਜ਼ ਫੈੱਡਰੇਸ਼ਨ ਪਾਵਰਕੌਮ ਦੀ ਮੀਟਿੰਗ ਰਘਬੀਰ ਸਿੰਘ ਘੱਗਾ ਦੀ ਪ੍ਰਧਾਨਗੀ ਹੇਠ ਮੰਡਲ ਪਾਤੜਾਂ ਵਿਚ ਹੋਈ। ਇਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਕੇਂਦਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂ ਰਘਬੀਰ ਸਿੰਘ ਘੱਗਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਦੇ ਸੰਘਰਸ਼ ਤੋਂ ਬੌਖਲਾਹਟ ਵਿੱਚ ਆ ਕੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਲੈ ਰਹੀ ਹੈ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਜਿੱਥੇ ਵੀ ਉਨ੍ਹਾਂ ਦੀ ਡਿਊਟੀਆਂ ਲਾਉਣਗੀਆਂ ਉਨ੍ਹਾਂ ਦੀ ਜਥੇਬੰਦੀ ਉਨ੍ਹਾਂ ਨੂੰ ਬਾਖ਼ੂਬੀ ਨਿਭਾਏਗੀ।