ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਮਈ
ਡੀਸੀ ਜਤਿੰਦਰ ਜੋਰਵਾਲ ਨੇ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਦੇ ਮਹੱਤਵਪੂਰਨ ਮੌਕੇ ’ਤੇ ਵੈਂਟੀਲੇਟਰ ਦੀ ਸੁਵਿਧਾ ਵਾਲੀ ਅਤਿ ਆਧੁਨਿਕ ਏਅਰ ਕੰਡੀਸ਼ਨਡ ਐਡਵਾਂਸ ਲਾਈਫ਼ ਕੇਅਰ ਕਰੀਬ 28 ਲੱਖ ਰੁਪਏ ਦੀ ਲਾਗਤ ਵਾਲੀ ਐਂਬੂਲੈਂਸ ਦੀ ਚਾਬੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੀ। ਉਨਾਂ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਵੱਲੋਂ ਪੰਜਾਬ ਵਿੱਚ ਇਹ ਪਹਿਲੀ ਐਂਬੂਲੈਂਸ ਜ਼ਿਲਾ ਸੰਗਰੂਰ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਭੇਜੀ ਗਈ ਹੈ। ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਮੈਗਾ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਡੀਸੀ ਨੇ ਅਧਿਕਾਰੀਆਂ ਨੂੰ ਐਂਬੂਲੈਂਸ ਦੀ ਚਾਬੀ ਸੌਂਪੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਲਈ 300 ਹਾਈਜੈਨਿਕ ਕਿੱਟਾਂ ਵੀ ਐੱਸਐੱਮਓ ਨੂੰ ਸੌਂਪੀਆਂ। ਉਨਾਂ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਅਧਿਕਾਰੀਆਂ ਨੂੰ ਵੈਂਟੀਲੇਟਰ, 15 ਵ੍ਹੀਲ ਚੇਅਰ ਤੇ 300 ਹਾਈਜੈਨਿਕ ਕਿੱਟਾਂ ਵੀ ਮੁਹੱਈਆ ਕਰਵਾਈਆਂ। ਇਸ ਦੌਰਾਨ ਏਡੀਸੀ ਅਨਮੋਲ ਸਿੰਘ ਧਾਲੀਵਾਲ, ਏਡੀਸੀ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡਾ. ਡਿੰਪਲ ਕਾਲੜਾ, ਸਕੱਤਰ ਰੈੱਡ ਕਰਾਸ ਕੇ.ਕੇ ਮਿੱਤਲ ਹਾਜ਼ਰ ਸਨ।