ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਾਰਚ
ਯੂਕਰੇਨ ਵਿੱਚ ਫਸੇ ਹੋਏ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈਡੀ ਉੱਤੇ ਹੁਣ ਤੱਕ 8 ਵਿਦਿਆਰਥੀਆਂ ਬਾਰੇ ਸੂਚਨਾ ਪ੍ਰਾਪਤ ਹੋਈ ਹੈ ਜਿਨ੍ਹਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸਨ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਬ ਡਿਵੀਜ਼ਨਾਂ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਇਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਨਾਲ ਇਨ੍ਹਾਂ ਦੇ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਹੈਲਪਲਾਈਨ ਉੱਤੇ ਹੁਣ ਤੱਕ ਮੂਨਕ ਦੇ ਵਾਰਡ ਨੰਬਰ 12 ਦੇ ਵਸਨੀਕ ਸੌਰਵ, ਸੁਨਾਮ ਦੇ ਧੀਰਜ ਵਰਮਾ, ਉਪਲੀ ਸੰਗਰੂਰ ਦੇ ਹਰਦੀਪ ਸਿੰਘ, ਪਿੰਡ ਰਾਣੀਕੇ ਧੂਰੀ ਦੇ ਰੋਹਿਤ ਕੁਮਾਰ ਸ਼ਰਮਾ, ਲਹਿਰਾਗਾਗਾ ਦੇ ਹਰਿੰਦਰ ਸਿੰਘ, ਮੰਡਵੀ ਮੂਨਕ ਤੋਂ ਮਹਿਕ, ਮੂਨਕ ਦੀ ਮਨਪ੍ਰੀਤ ਕੌਰ ਤੇ ਪੂਨੀਆ ਕਲੋਨੀ ਸੰਗਰੂਰ ਦੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੀ ਸੰਪਰਕ ਕੀਤਾ ਹੈ ਜਿਸ ਸਬੰਧੀ ਸਰਕਾਰ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸੇ ਹੋਏ ਹਨ ਉਹ ਉਨ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 01672-231080 ਜਾਂ ਈਮੇਲ ਆਈਡੀ controlroom.dcofficesgr0yahoo.com ਉੱਤੇ ਮੁਹੱਈਆ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਯੂਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਕਰੇਨ ਵਿੱਚ ਪਤਾ, ਸੰਪਰਕ ਵੇਰਵਾ ਸਮੇਤ ਸੰਗਰੂਰ ਜ਼ਿਲ੍ਹੇ ਵਿਚ ਪਰਿਵਾਰਕ ਮੈਂਬਰ ਦਾ ਨਾਮ, ਸੰਪਰਕ ਨੰਬਰ, ਪਤਾ, ਯੂਕਰੇਨ ਵਿੱਚ ਫਸੇ ਵਿਅਕਤੀ ਨਾਲ ਰਿਸ਼ਤਾ ਅਤੇ ਕੋਈ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਹੈਲਪਲਾਈਨ ਨੰਬਰ 01672-231080 ਅਤੇ ਈ-ਮੇਲ controlroom.dcofficesgr0yahoo.com ’ਤੇ ਦਿੱਤੀ ਜਾ ਸਕਦੀ ਹੈ।