ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਨਵੰਬਰ
ਅਧਿਆਪਕ ਦਲ ਪੰਜਾਬ ਮਾਲਵਾ ਜ਼ੋਨ ਵੱਲੋਂ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦੀ ਅਗਵਾਈ ਹੇਠ ਇਥੇ ਸ਼ਗਨ ਪੈਲੇਸ ਵਿਚ ਰੋਸ ਰੈਲੀ ਕੀਤੀ ਗਈ ਅਤੇ ਇਥੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਅਧਿਆਪਕਾਂ ਵਲੋਂ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਰੋਸ ਰੈਲੀ ’ਚ ਸੂਬਾ ਚੇਅਰਮੈਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਵੀ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਸਰਕਾਰ ਦੀਆਂ ਮੁਲਾਜ਼ਮ ਅਤੇ ਸਿੱਖਿਆ ਵਿਰੋਧੀ ਸਾਜ਼ਿਸ਼ਾਂ ਦਾ ਜ਼ਿਕਰ ਕਰਦਿਆਂ ਅਧਿਆਪਕਾਂ ਨੂੰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਅਧਿਆਪਕ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ ਕਿਉਂਕਿ ਸਰਕਾਰ ਅਤੇ ਵਿੱਤ ਮੰਤਰੀ ਵਲੋਂ ਲਗਾਤਾਰ ਅਧਿਆਪਕ ਅਤੇ ਮੁਲਾਜ਼ਮ ਮੰਗਾਂ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਸ ਹੈ। ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ, ਗੁਰਜੀਤ ਸਿੰਘ ਲਾਲਿਆਂ ਵਾਲੀ ਮਾਨਸਾ ਅਤੇ ਜਗਤਾਰ ਸਿੰਘ ਟਿਵਾਣਾ ਪਟਿਆਲਾ ਨੇ ਕਿਹਾ ਕਿ ਸੰਘਰਸ਼ ਓਨ੍ਹਾਂ ਚਿਰ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੈਨੀਫੈਸਟੋ ਵਿੱਚ ਦਰਜ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ। ਇਸ ਮਗਰੋਂ ਸੈਂਕੜੇ ਅਧਿਆਪਕ ਪੈਲੇਸ ਤੋਂ ਰੋਸ ਮਾਰਚ ਕਰਦੇ ਹੋਏ ਪੂਨੀਆਂ ਟਾਵਰ ਕੋਲ ਪੁੱਜੇ ਜਿਥੇ ਵਿੱਤ ਮੰਤਰੀ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤਿੱਖੇ ਰੂਪ ਵਿਚ ਲੜਿਆ ਜਾਵੇਗਾ। ਮੰਚ ਸੰਚਾਲਨ ਦੀ ਭੂਮਿਕਾ ਸੁਬਾਈ ਆਗੂ ਰਣਜੀਤ ਸਿੰਘ ਜਨਾਲ ਵੱਲੋਂ ਨਿਭਾਈ ਗਈ। ਇਸ ਮੌਕੇ ਸੂਬਾ ਆਗੂ ਅਮਰੀਕ ਸਿੰਘ ਹਥਨ, ਜਸਵਿੰਦਰ ਸਿੰਘ ਭੁੱਲਰਹੇੜੀ, ਕ੍ਰਿਸ਼ਨ ਵੋਹਰਾ, ਅਲਵੇਲ ਸਿੰਘ, ਸ਼ੇਰ ਸਿੰਘ ਬਾਲੇਵਾਲ, ਪ੍ਰੀਤਮ ਸਿੰਘ ਕਾਂਝਲਾ, ਗੁਰਬਿੰਦਰ ਜਲਾਨ, ਬਲਵੰਤ ਸਿੰਘ ਰਾਜੋਮਾਜਰਾ, ਕੁਲਵੰਤ ਸਿੰਘ ਅਮਰਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।