ਖੇਤਰੀ ਪ੍ਰਤੀਨਿਧ
ਧੂਰੀ, 15 ਜੂਨ
ਫਿਲਮੀ ਅਦਾਕਾਰ ਰਾਣਾ ਜੰਗ ਬਹਾਦਰ ਵੱਲੋਂ ਭਗਵਾਨ ਵਾਲਮੀਕੀ ਸਬੰਧੀ ਕੀਤੀ ਗਈ ਟਿੱਪਣੀ ਸਬੰਧੀ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਵੱਲੋਂ ਅੱਜ ਇੱਥੇ ਰੋਸ ਪ੍ਰਗਟਾਇਆ ਗਿਆ ਹੈ। ਇਸ ਸਬੰਧੀ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਫਿਲਮੀ ਕਲਾਕਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਹੋਏ ਡੀਐੱਸਪੀ ਧੂਰੀ ਪਰਮਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਵਿੱਕੀ ਪਰੋਚਾ ਨੇ ਕਿਹਾ ਕਿ ਫਿਲਮ ਕਲਾਕਾਰ ਵੱਲੋਂ ਭਗਵਾਨ ਵਾਲਮੀਕੀ ਪ੍ਰਤੀ ਬਹੁਤ ਗਲਤ ਸ਼ਬਦਾਵਲੀ ਵਰਤੀ ਗਈ ਹੈ ਅਤੇ ਇਸ ਨਾਲ ਸਮੁੱਚੇ ਵਾਲਮੀਕੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਫਿਲਮੀ ਕਲਾਕਾਰ ਖ਼ਿਲਾਫ਼ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਵਾਲਮੀਕੀ ਭਾਈਚਾਰਾ ਸੜਕਾਂ ’ਤੇ ਉਤਰਣ ਤੋਂ ਵੀ ਗੁਰੇਜ਼ ਨਹੀ ਕਰੇਗਾ। ਇਸ ਮੌਕੇ ਸੇਵਾਮੁਕਤ ਲੈਫਟੀਨੈਂਟ ਦਰਸ਼ਨ ਸਿੰਘ, ਸੰਜੀਵ ਕੁਮਾਰ ਅਤੇ ਯਾਦਵਿੰਦਰ ਵੀ ਹਾਜ਼ਰ ਸਨ।