ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਫਰਵਰੀ
ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਚਾਰ ਵਾਹਨ ਕਾਬੂ ਕੀਤੇ ਗਏ ਹਨ ਜਿਨ੍ਹਾਂ ਵਿਰੁੱਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਸੰਗਰੂਰ ਦੇ ਰਿਟਰਨਿੰਗ ਅਫ਼ਸਰ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਚੋਣ ਅਬਜ਼ਰਵਰ ਵੱਲੋਂ ਆਦਰਸ਼ ਚੋਣ ਜ਼ਾਬਤੇ ਸਬੰਧੀ ਜਾਂਚ ਕੀਤੀ ਜਾ ਰਹੀ ਸੀ ਜਿਸ ਤਹਿਤ ਰੈਸਟ ਹਾਊਸ ਸੰਗਰੂਰ ਦੇ ਸਾਹਮਣੇ ਕੁਝ ਵਾਹਨਾਂ, ਜਿਨ੍ਹਾਂ ਨੂੰ ਚੋਣ ਪ੍ਰਚਾਰ ਲਈ ਵਰਤਿਆ ਜਾ ਰਿਹਾ ਸੀ, ਦੀ ਜਾਂਚ ਕੀਤੀ ਗਈ ਤਾਂ ਮੁੱਢਲੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਵਿੱਚੋਂ ਚਾਰ ਵਾਹਨਾਂ ਦੇ ਚਾਲਕਾਂ ਕੋਲ ਚੋਣ ਪ੍ਰਚਾਰ ਸਬੰਧੀ ਪ੍ਰਵਾਨਗੀ ਦੇ ਲੋੜੀਂਦੇ ਦਸਤਾਵੇਜ਼ ਨਹੀਂ ਸਨ, ਜੋ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਪੀਬੀ 13-ਜ਼ੈੱਡ-0074 ਨੰਬਰ ਗੱਡੀ ਉੱਤੇ ਪੋਸਟਰ, ਪੀਬੀ-13-ਏਸੀ-0303 ਉੱਪਰ ਫਲੈਗ, ਪੀਬੀ-13-ਬੀਕੇ-9568 ਅਤੇ ਪੀਬੀ-10-ਐੱਫਐੱਸ-1526 ਉੱਪਰ ਫਲੈਗ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸਬੰਧਤ ਉਮੀਦਵਾਰ ਦੇ ਚੋਣ ਖਾਤੇ ਵਿੱਚ ਖਰਚਾ ਪਾਉਣ, ਵਾਹਨਾਂ ਨੂੰ ਇੰਪਾਊਂਡ ਕਰਨ ਅਤੇ ਵਾਹਨ ਚਾਲਕਾਂ ਉਪਰ ਸੈਕਸ਼ਨ 171 ਐਚ ਤਹਿਤ ਐੱਫਆਈਆਰ ਦਰਜ ਕਰਨ ਅਤੇ ਉਮੀਦਵਾਰ ਨੂੰ ਨੋਟਿਸ ਜਾਰੀ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।