ਪਵਨ ਕੁਮਾਰ ਵਰਮਾ
ਧੂਰੀ, 2 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਅਧੀਨ ਪੈਂਦੇ ਪਿੰਡ ਬੇਨੜਾ ਦੇ ਅਨੇਕਾਂ ਕਿਸਾਨ ਆਪਣੀ ਕਰੀਬ 35 ਏਕੜ ਜ਼ਮੀਨ ‘ਪੁੱਡਾ’ ਨੂੰ ਇੱਕ ਕਲੋਨੀ ਬਣਾਏ ਜਾਣ ਦੀ ਤਜਵੀਜ਼ ਤਹਿਤ ਸੌਂਪ ਬੈਠੇ ਹਨ ਅਤੇ ਕਰੀਬ 8 ਸਾਲ ਬੀਤ ਜਾਣ ਉਪਰੰਤ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਬਣਦੀ ਕੀਮਤ ਨਾ ਮਿਲਣ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪੁੱਡਾ ਵੱਲੋਂ ਐਕਵਾਇਰ ਕੀਤੀ ਇਸ 35 ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਦਿਹਾੜੀਆਂ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਜ਼ਮੀਨ ਵਿੱਚ ਇੱਕ ਪੋਲਟਰੀ ਫਾਰਮ ਵੀ ਸੀ ਜਿਸ ਨੂੰ ਢਾਹ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਸੰਸਦ ਮੈਂਬਰ ਰਹਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਬੇਨੜਾ ਨੂੰ ਗੋਦ ਲਿਆ ਸੀ। ਪਿੰਡ ਬੇਨੜਾ ਦੇ ਕਿਸਾਨਾਂ ਨੇ ਮਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਿਲਚਸਪੀ ਲੈ ਕੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦੇ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਬਕਾਇਆ ਰਕਮ ਦਿਵਾਉਣ ਵਿੱਚ ਮਦਦ ਕਰਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ ਨੇ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਇਸ ਮਸਲੇ ਨੂੰ ਜਲਦੀ ਹੱਲ ਕਰਵਾਉਣਗੇ।