ਪੱਤਰ ਪ੍ਰੇਰਕ
ਲਹਿਰਾਗਾਗਾ, 14 ਅਕਤੂਬਰ
ਥਾਣਾ ਛਾਜਲੀ ਨੇ ਇੱਕ ਔਰਤ ਕੋਲੋਂ ਪੈਸੇ ਖੋਹਣ ਦੇ ਦੋਸ਼ ਹੇਠ ਦੋ ਵਿਆਕਤੀਆਂ ਖ਼ਿਲਾਫ਼ 379,34,411 ਅਧੀਨ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਸਰਬਜੀਤ ਕੌਰ ਪਤਨੀ ਬੰਤ ਰਾਮ ਵਾਸੀ ਛਾਹੜ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਸਾਢੇ ਗਿਆਰਾਂ ਵਜੇ ਘਰੇਲੂ ਵਰਤੋਂ ਲਈ ਐੱਸ.ਬੀ.ਆਈ. ਬੈਂਕ ਪਿੰਡ ਛਾਹੜ ਤੋਂ ਆਪਣੇ ਖਾਤੇ ਵਿੱਚੋਂ ਕਰੀਬ 51 ਹਜ਼ਾਰ ਰੁਪਏ ਕੱਢਵਾ ਕੇ ਝੋਲੇ ਵਿੱਚ ਪਾ ਕੇ ਵਾਪਸ ਘਰ ਨੂੰ ਆ ਰਹੀ ਸੀ ਤਾਂ ਦੋ ਨਾਮਲੂਮ ਮੋਨੇ ਨੌਜਵਾਨ ਜੋ ਬੁਲੇਟ ਮੋਟਰਸਾਈਕਲ ’ਤੇ ਆਏ ਅਤੇ ਉਸ ਕੋਲੋਂ ਝਪਟਾ ਮਾਰ ਕੇ ਪੈਸਿਆ ਵਾਲਾ ਝੋਲਾ ਖੋਹ ਲਿਆ ਤੇ ਸਰਬਜੀਤ ਕੌਰ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਦੋਰਾਨੇ ਤਫਤੀਸ ਮੁਖਬਰ ਵੱਲੋਂ ਇਤਲਾਹ ਮਿਲਣ ’ਤੇ ਮੁਲਜ਼ਮਾਂ ਕੁਲਦੀਪ ਸਿੰਘ ਉਰਫ ਮੋਨੂੰ ਪੁੱਤਰ ਹਰਮੇਲ ਸਿੰਘ, ਪ੍ਰਕਾਸ਼ ਸਿੰਘ ਪੁੱਤਰ ਲਾਭ ਸਿੰਘ ਵਾਸੀਆਨ ਭਾਈਕੀ ਪਿਸ਼ੌਰ ਥਾਣਾ ਲਹਿਰਾਗਾਗਾ ਨੂੰ ਕੇਸ ’ਚ ਨਾਮਜ਼ਦ ਕਰਕੇ ਅਤੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਖੋਹ ਗਏ 51 ਹਜ਼ਾਰ ਰੁਪਏ ਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ (ਪੀ.ਬੀ.13ਟੀ-0183) ਮਾਰਕਾ ਬੁਲੇਟ ਬਰਾਮਦ ਕਰਾਵਾ ਗਿਆ ਹੈ।