ਬੀਰਬਲ ਰਿਸ਼ੀ
ਸ਼ੇਰਪੁਰ, 19 ਅਕਤੂਬਰ
ਪਿੰਡ ਭਗਵਾਨਪੁਰਾ ਦੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਪਿੰਡ ਦੇ ਹੀ ਕੁੱਝ ਵਿਅਕਤੀਆਂ ’ਤੇ ਪਿੰਡ ਦੀ ਹੱਡਾਰੋੜੀ ਵਾਲੀ ਜਗ੍ਹਾ ’ਚ ਨਾਜਾਇਜ਼ ਉਸਾਰੀ ਕਰ ਕੇ ਮਾਮਲੇ ਨੂੰ ਧਾਰਮਿਕ ਤੇ ਜਾਤੀਵਾਦ ਦੀ ਪੁੱਠ ਚਾੜ੍ਹਨ ਦੇ ਦੋਸ਼ ਲਾਏ ਗਏ ਹਨ। ਪੰਚਾਇਤ ਵੱਲੋਂ ਜਿੱਥੇ ਬਾ-ਅਦਾਲਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਬਾ-ਅਖ਼ਤਿਆਰ ਕੁਲੈਕਟਰ) ਸੰਗਰੂਰ ਤੋਂ ਸਟੇਟਸ-ਕੋਅ ਪ੍ਰਾਪਤ ਕੀਤੀ ਗਈ ਹੈ ਉੱਥੇ ਹੀ ਧਾਰਮਿਕ ਝੰਡੇ ਤੇ ਨਿਸ਼ਾਨ ਸਾਹਿਬ ਲਗਾਊਣ ਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।
ਪਿੰਡ ਦੀ ਸਰਪੰਚ ਪਾਲ ਕੌਰ ਤੇ ਸਾਬਕਾ ਸਰਪੰਚ ਪਵਨ ਕੁਮਾਰ ਨੇ ਦੱਸਿਆ ਕਿ ਲੰਘੀ 29 ਤੇ 30 ਸਤੰਬਰ ਨੂੰ ਭਗਵਾਨਪੁਰਾ ਦੀ ਪੰਚਾਇਤੀ ਜ਼ਮੀਨ ਦੇ 6 ਵਿੱਘੇ 5 ਵਿੱਸਵੇ ਖ਼ਸ਼ਰਾ ਨੰਬਰ 411 ਗੈਰ-ਮੁਮਕਿਨ ਹੱਡਾਰੋੜੀ ਹੈ ਜਿੱਥੇ ਪਿੰਡ ਦੇ ਕੁੱਝ ਵਿਅਕਤੀਆਂ ਨੇ ਕਬਜ਼ਾ ਕਰਨ ਦੇ ਮਕਸਦ ਨਾਲ ਕਮਰਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਸੂਚਨਾ ਬੀਡੀਪੀਓ ਤੇ ਐੱਸਐੱਚਓ ਸ਼ੇਰਪੁਰ ਨੂੰ ਦਿੱਤੀ ਗਈ ਪਰ ਫੌਰੀ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅਖ਼ੀਰ 15 ਅਕਤੂਬਰ ਨੂੰ ਡੀਡੀਪੀਓ ਦੀ ਅਦਾਲਤ ਵਿੱਚੋਂ ਸਟੇਅ ਪ੍ਰਾਪਤ ਕੀਤੀ ਗਈ ਅਤੇ ਹੁਣ ਮਾਮਲੇ ਨੂੰ ਧਾਰਮਿਕ ਰੰਗਤ ਦੇਣ, ਧਾਰਮਿਕ ਝੰਡਾ ਲਗਾਉਣ ਅਤੇ ਨਿਸ਼ਾਨ ਸਾਹਿਬ ਲਗਾਉਣ ਸਬੰਧੀ ਯੋਗ ਕਦਮ ਚੁੱਕੇ ਜਾਣ ਲਈ ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚ ਕੀਤੀ ਗਈ ਹੈ। ਇਸ ਸਬੰਧੀ ਧਾਰਮਿਕ ਤੌਰ ’ਤੇ ਵੀ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੰਚਾਇਤੀ ਨੁਮਾਇੰਦਿਆਂ ਨੇ ਕੋਈ ਗੜਬੜ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਉਸ ਜਗ੍ਹਾ ਦੀ ਖੁਦ ਨਿਗਰਾਨੀ ਕਰਨੀ ਚਹੀਦੀ ਹੈ। ਇਸ ਸਬੰਧੀ ਸਿੱਖ ਪ੍ਰਚਾਰਕ ਭਾਈ ਜਸਵੀਰ ਸਿੰਘ ਧੂਰਾ ਤੇ ਭਾਈ ਮੰਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਮਾਮਲੇ ਸਬੰਧੀ ਪੂਰੀ ਰਿਪੋਰਟ ਬਣਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਭੇਜ ਦਿੱਤੀ ਹੈ। ਉੱਧਰ, ਗ੍ਰੰਥੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਖੁਸ਼ੀ-ਗ਼ਮੀ ਦੌਰਾਨ ਪਿੰਡ ਭਗਵਾਨਪੁਰਾ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪਿੰਡ ਖੇੜੀ ਕਲਾਂ, ਗੁੰਮਟੀ ਜਾਂ ਹੋਰ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਜਿਸ ਕਰ ਕੇ ਪਿੰਡ ’ਚ ਗੁਰਦੁਆਰਾ ਬਣਾਇਆ ਜਾ ਰਿਹਾ ਸੀ ਪਰ ਪਿੰਡ ਦੇ ਕੁੱਝ ਲੋਕ ਇਸ ’ਤੇ ਇਤਰਾਜ਼ ਜਤਾ ਰਹੇ ਹਨ।
ਕੀ ਕਹਿੰਦੇ ਨੇ ਅਧਿਕਾਰੀ
ਬੀਡੀਪਓ ਸ਼ੇਰਪੁਰ ਜੁਗਰਾਜ ਸਿੰਘ ਨੇ ਕਿਹਾ ਕਿ ਪੰਚਾਇਤ ਨੂੰ ਸਟੇਟਸ-ਕੋਅ ਮਿਲ ਚੁੱਕੀ ਹੈ ਅਤੇ ਵਿਵਾਦ ਵਾਲੀ ਜਗ੍ਹਾ ’ਚ ਹੋਰ ਰਿਹਾ ਨਿਰਮਾਣ ਕਾਰਜ ਬੰਦ ਕਰਵਾ ਦਿੱਤਾ ਗਿਆ ਹੈ। ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਕਿਹਾ ਕਿ ‘ਸਟੇਟਸ-ਕੋਅ’ ਸਬੰਧੀ ਪਾਰਟੀ ਨੂੰ ਬਿਠਾ ਕੇ ਸਮਝਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦਾ ਮਿਲ-ਬੈਠ ਕੇ ਹੱਲ ਕੱਢਿਆ ਜਾ ਰਿਹਾ ਹੈ। ਬੀਡੀਪੀਓ ਨਾਲ ਸੰਪਰਕ ਨਹੀਂ ਹੋ ਸਕਿਆ।