ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਮਹਿਲਾ ਅਧਿਆਪਕਾਂ ਦੀਆਂ 60/70 ਕਿਲੋਮੀਟਰ ਦੂਰ- ਦੁਰਾਡੇ ਸਟੇਸ਼ਨਾਂ ’ਤੇ ਡਿਊਟੀਆਂ ਲਗਾ ਕੇ ਚੋਣ ਨਿਯਮਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੂਰ- ਦੁਰਾਡੇ ਚੋਣ ਡਿਊਟੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਰੋਸ ਪ੍ਰਗਟਾਉਣ ਲਈ ਕਾਲੇ ਬਿੱਲੇ ਲਗਾ ਕੇ ਚੋਣ ਡਿਊਟੀ ਕਰਨ ਦਾ ਸੱਦਾ ਦਿੱਤਾ ਹੈ। ਡੀਟੀਐੱਫ ਦੇ ਆਗੂਆਂ ਬਲਵੀਰ ਲੌਂਗੋਵਾਲ ਅਤੇ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਚੋਣ ਡਿਊਟੀਆਂ ਸਬੰਧੀ ਮਾਮਲਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਚੋਣ ਅਬਜ਼ਰਵਰ ਦੇ ਕਈ ਵਾਰ ਧਿਆਨ ਵਿੱਚ ਲਿਆਂਦਾ ਗਿਆ ਪਰ ਇਸ ਨੂੰ ਠੀਕ ਕਰਨ ਸਬੰਧੀ ਕੋਈ ਕਾਰਵਾਈ ਨਾ ਕਰਨਾ, ਪ੍ਰਸ਼ਾਸਨ ਅਤੇ ਆਬਜ਼ਰਬਰ (ਜਨਰਲ) ਦੀ ਸੰਵੇਦਨਸ਼ੀਲਤਾ ’ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ। ਡੀ ਟੀ ਐੱਫ ਨੇ ਫ਼ੈਸਲਾ ਕੀਤਾ ਹੈ ਕਿ ਉਹ ਮੁੱਖ ਚੋਣ ਕਮਿਸ਼ਨਰ ਭਾਰਤ ਨੂੰ ਪੱਤਰ ਲਿਖ ਕੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਚੋਣ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਵਿੱਚ ਕਾਰਵਾਈ ਕਰਨ ਦੀ ਮੰਗ ਕਰੇਗੀ । ਨਿਯਮਾਂ ਅਨੁਸਾਰ ਔਰਤ ਕਰਮਚਾਰੀਆਂ ਦੀਆਂ ਡਿਊਟੀਆਂ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ਦੇ ਨੇੜੇ ਤੋਂ ਨੇੜੇ ਲਾਉਣੀਆਂ ਬਣਦੀਆਂ ਹਨ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਰੋਸ ਪ੍ਰਗਟਾਉਣ ਲਈ ਕਾਲੇ ਬਿੱਲੇ ਲਗਾ ਕੇ ਚੋਣ ਡਿਊਟੀਆਂ ਦੇਣ।