ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 19 ਜੂਨ
ਪਿੰਡ ਬਡਰੁੱਖਾਂ ਵਿੱਚ ਪੰਚਾਇਤ ਮੈਂਬਰ ਵੱਲੋਂ ਗਲੀ ਦੀਆਂ ਪੁੱਟੀਆਂ ਹੋਈਆਂ ਇੱਟਾਂ ਆਪਣੇ ਖੇਤ ਵਿਚ ਲਿਜਾਕੇ ਸੁੱਟਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਬਡਰੁੱਖਾਂ ਦੇ ਸਮਾਜ ਸੇਵੀ ਤਰਸੇਮ ਸਿੰਘ, ਹਰਪਾਲ ਸਿੰਘ ਸਾਬਕਾ ਪੰਚਾਇਤ ਮੈਂਬਰ ਅਤੇ ਦਵਿੰਦਰ ਸਿੰਘ ਦੀਪ ਹੋਰਾਂ ਨੇ ਦੱਸਿਆ ਕਿ ਪਿੰਡ ਬਡਰੁੱਖਾਂ ਦੇ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਸੱਤੂ ਗਲੀ ਵਿੱਚੋਂ ਪੁੱਟੀਆਂ ਹੋਈਆਂ ਇੱਟਾਂ ਪੰਚਾਇਤ ਦੇ ਟਰੈਕਟਰ ਨਾਲ ਆਪਣੇ ਖੇਤ ਵਿੱਚ ਚੁੱਕ ਕੇ ਲੈ ਗਿਆ ਜੋ ਕੈਮਰਿਆਂ ਵਿੱਚ ਵੀ ਆ ਗਈਆਂ ਹਨ। ਇਸ ਤੋਂ ਇਲਾਵਾ ਦੋ ਟਰੈਫ਼ਿਕ ਵਾਹਨ ਦੇਖਣ ਵਾਲੇ ਸ਼ੀਸ਼ੇ ਵੀ ਆਪਣੇ ਖੇਤ ਲੈ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਸੁਖਵਿੰਦਰ ਸਿੰਘ ਸੱਤੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੁਰਾਣੀਆਂ ਇੱਟਾਂ ਤਾਂ ਉਸ ਨੇ ਪੰਚਾਇਤ ਤੋਂ ਮਤਾ ਪਵਾ ਕੇ ਮੁੱਲ ਲਈਆਂ ਹਨ। ਉਧਰ ਇਸ ਸਬੰਧੀ ਸਰਪੰਚ ਕੁਲਜੀਤ ਸਿੰਘ ਤੂਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਹੋ ਸਕਦਾ ਹੈ ਕਿ ਇਸ ਸੰਬੰਧੀ ਪੰਚਾਇਤ ਵੱਲੋਂ ਉਨ੍ਹਾਂ ਤੋਂ ਪਹਿਲਾਂ ਮਤਾ ਪਾਇਆ ਹੋਵੇ।
ਬੀਡੀਪੀਓ ਨੇ ਸਰਪੰਚ ਤੋਂ ਸਪੱਸ਼ਟੀਕਰਨ ਮੰਗਿਆ
ਬੀਡੀਪੀਓ ਲੈਨਿਨ ਗਰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਵਿਚ ਜਾ ਕੇ ਮੌਕਾ ਦੇਖਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਸਰਪੰਚ ਨੂੰ ਗਲੀ ਵਿੱਚੋਂ ਇੱਟਾਂ ਪੁੱਟਣ ਅਤੇ ਖੁਰਦ ਬੁਰਦ ਕਰਨ ਸਬੰਧੀ ਸਪਸ਼ਟੀਕਰਨ ਦੇਣ ਲਈ ਪੱਤਰ ਕੱਢਿਆ ਹੈ। ਇਸ ਤੋਂ ਇਲਾਵਾ ਸੈਕਟਰੀ ਨਿਰਭੈ ਸਿੰਘ ਅਤੇ ਗੁਰਮੇਲ ਸਿੰਘ ਏਈ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਗਲੀ ਵਿੱਚੋਂ ਇੱਟਾਂ ਪੁੱਟਣ ਨਾਲ ਹੋਏ ਵਿੱਤੀ ਨੁਕਸਾਨ ਦਾ ਐਸਟੀਮੇਟ ਜਲਦੀ ਬਣਾ ਕੇ ਦੇਣ ਤਾਂ ਜੋ ਰਿਕਵਰੀ ਕੀਤੀ ਜਾ ਸਕੇ।