ਪੱਤਰ ਪ੍ਰੇਰਕ
ਸ਼ੇਰਪੁਰ, 23 ਜੁਲਾਈ
ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਹਰ ਮਹੀਨੇ ਤਿੰਨ ਸੌ ਯੂਨਿਟ ਬਿਜਲੀ ਬਿੱਲ ਮੁਆਫ਼ੀ ਦੇ ਵਾਅਦਿਆਂ ਤੇ ਦਾਅਵਿਆਂ ’ਤੇ ਮਜ਼ਦੂਰਾਂ-ਕਿਸਾਨਾਂ ਨੇ ਦੂਹਰੇ ਮਾਪਦੰਡ ਵਰਤਣ ਦੇ ਦੋਸ਼ ਲਾਉਂਦਿਆਂ ਪਿੰਡ ਘਨੌਰੀ ਕਲਾਂ ਦੇ ਗੁਰਦੁਆਰੇ ’ਚ ਇਕੱਤਰਤਾ ਕਰਕੇ ਰੋਸ ਪ੍ਰਗਟਾਇਆ।
ਇਸ ਮੌਕੇ ਕਿਸਾਨ ਆਗੂ ਮਾਸਟਰ ਕੁਲਵੰਤ ਸਿੰਘ ਘਨੌਰੀ ਨੇ ਦੱਸਿਆ ਕਿ ਇਸ ਵਾਰ ਬਿਜਲੀ ਦਾ ਬਿੱਲ ਜੋ 30 ਜੂਨ ਤੱਕ ਦਾ ਕੱਢਿਆ ਜਾਣਾ ਸੀ, ਉਹ 15 ਜੁਲਾਈ ਤੋਂ ਬਾਅਦ ਹੁਣ ਤੱਕ ਵੀ ਬਿੱਲ ਰਸੀਦਾਂ ਕੱਢੀਆਂ ਜਾ ਰਹੀਆਂ ਹਨ। ਆਗੂ ਨੇ ਦੱਸਿਆ ਕਿ ਇਹ 15 ਤੋਂ ਵੀ ਜ਼ਿਆਦਾ ਦਿਨਾਂ ਦੇ ਬਿਜਲੀ ਬਿੱਲ ਸਬੰਧੀ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਕਿਸਾਨ ਆਗੂਆਂ ਨੇ ਬਿੱਲਾਂ ਸਬੰਧੀ ਕੋਈ ਸਪੱਸ਼ਟ ਨੀਤੀ ਸਾਹਮਣੇ ਆਉਣ ਤੱਕ ਪਿੰਡ ਵਾਸੀਆਂ ਨੂੰ ਬਿੱਲ ਨਾ ਭਰਨ ਦਾ ਸੱਦਾ ਦਿੱਤਾ। ਇਸ ਸਬੰਧੀ ਐਕਸੀਅਨ ਧੂਰੀ ਮਨੋਜ ਕੁਮਾਰ ਨੇ ਦੱਸਿਆ ਕਿ ਬਿਜਲੀ ਬਿੱਲਾਂ ਦੀ ਮੁਆਫ਼ੀ ਸਬੰਧੀ ਅੱਜ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਜਿਸ ਕਰਕੇ ਪਾਵਰਕੌਮ ਦੇ ਨਿਯਮਾਂ ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।