ਅਸ਼ਵਨੀ ਗਰਗ
ਸਮਾਣਾ,17 ਫਰਵਰੀ
ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਤਿੰਨ ਅਜਿਹੇ ਉਮੀਦਵਾਰ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਇੱਕ ਵੀ ਵੋਟ ਨਹੀਂ ਪਈ, ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਨ੍ਹਾਂ ਉਮੀਦਵਾਰਾਂ ਨੇ ਖ਼ੁਦ ਵੀ ਆਪਣੇ ਆਪ ਨੂੰ ਵੋਟ ਨਹੀਂ ਪਾਈ ਜਦੋਂਕਿ ਤਿੰੰਨ ਹੋਰ ਅਜਿਹੇ ਉਮੀਦਵਾਰ ਸਾਹਮਣੇ ਆਏ ਹਨ ਜਿਨ੍ਹਾਂ ਨੇ ਖ਼ੁਦ ਤਾਂ ਆਪਣੇ ਆਪ ਨੂੰ ਵੋਟ ਪਾਈ ਪਰ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਉਨ੍ਹਾਂ ਦਾ ਸਾਥ ਨਾ ਦਿੰਦਿਆਂ ਉਨ੍ਹਾਂ ਨੂੰ ਵੋਟ ਨਹੀਂ ਪਾਈ, ਜੋ ਕਿ ਚੋਣ ਨਤੀਜਿਆਂ ਨਾਲੋਂ ਵੀ ਲੋਕਾਂ ਵਿਚ ਵੱਧ ਚਰਚਾ ਦਾ ਵਿਸ਼ਾ ਰਿਹਾ।ਜਾਣਕਾਰੀ ਅਨੁਸਾਰ ਸਮਾਣਾ ਦੇ ਵਾਰਡ ਨੰਬਰ 4 ਵਿੱਚ ਨਿਸ਼ਾਂਤ ਜਿੰਦਲ ਅਤੇ ਵਿਜੈ ਕੁਮਾਰ ਅਜਿਹੇ ਉਮੀਦਵਾਰ ਰਹੇ ਜਿਨ੍ਹਾਂ ਨੂੰ ਇੱਕ ਵੀ ਵੋਟ ਨਹੀਂ ਮਿਲੀ। ਹੋਰ ਕਿਸੇ ਵੋਟਰ ਜਾ ਪਰਿਵਾਰਕ ਮੈਂਬਰ ਨੇ ਤਾਂ ਇਨ੍ਹਾਂ ਨੂੰ ਵੋਟ ਕੀ ਪਾਉਣੀ ਸੀ ਇਨ੍ਹਾਂ ਨੇ ਖ਼ੁਦ ਨੂੰ ਵੀ ਆਪਣੀ ਵੋਟ ਨਹੀਂ ਪਾਈ। ਹੋਰ ਤਾਂ ਹੋਰ ਇਸ ਵਾਰਡ ਵਿਚ 11 ਵੋਟਰਾਂ ਨੇ ਤਾਂ ਨੋਟਾਂ ਨੂੰ ਵੀ ਵੋਟ ਪਾ ਦਿੱਤੀ। ਇਸੇ ਤਰ੍ਹਾਂ ਸ਼ਹਿਰ ਦੇ ਵਾਰਡ ਨੰਬਰ 21 ਵਿਚ ਲਲਿਤ ਗੁਪਤਾ ਨੂੰ ਵੀ ਕੋਈ ਵੋਟ ਨਹੀਂ ਮਿਲਿਆ।ਵਾਰਡ ਨੰਬਰ 18 ਵਿੱਚ ਰਾਮ ਲਾਲ ,ਵਾਰਡ ਨੰਬਰ 19 ਵਿਚ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 21 ਵਿਚੋਂ ਗਗਨਦੀਪ ਗੁਪਤਾ ਨੂੰ ਇੱਕ ਇੱਕ ਵੋਟ ਮਿਲੀ। ਇਨ੍ਹਾਂ ਤਿੰਨੇ ਉਮੀਦਵਾਰਾਂ ਨੇ ਖ਼ੁਦ ਨੂੰ ਤਾਂ ਵੋਟ ਪਾਈ ਪਰ ਇਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਇਨ੍ਹਾਂ ਨੂੰ ਵੋਟ ਨਹੀਂ ਪਾਈ।