ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਅਗਸਤ
ਸ਼ਹਿਰ ਦੇ ਬਠਿੰਡਾ-ਪਟਿਆਲਾ ਰੋਡ ’ਤੇ ਸਿਵਲ ਹਸਪਤਾਲ ਦੇ ਸਾਹਮਣੇ ਹਰ ਰੋਜ਼ ਵਾਪਰਦੇ ਸੜਕ ਹਾਦਸਿਆਂ ਤੋਂ ਜਲਦੀ ਹੀ ਛੁਟਕਾਰਾ ਮਿਲਣ ਵਾਲਾ ਹੈ। ਇੱਥੇ ਸ਼ਹਿਰੀ ਮਕਾਨ ਉਸਾਰੀ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਸੁਨਾਮ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੌਕੇ ’ਤੇ ਪਹੁੰਚ ਕੇ ਬਠਿੰਡਾ ਪੁਲ ਤੋਂ ਅੱਗੇ ਦੋਹਰੀ ਸੜਕ ਚੌੜੀ ਕਰ ਕੇ ਟਰੈਫਿਕ ਨੂੰ ਉੱਥੋਂ ਮੋੜਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨਾਲ ਚੰਡੀਗੜ੍ਹ ਤੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਏ ਐੱਸ ਬਰਾੜ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੁਨਾਮ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਜੋ ਕਿ ਓਵਰਬ੍ਰਿਜ ਤੋਂ ਬਠਿੰਡਾ ਰੋਡ ਨੂੰ ਜਾਂਦੀ ਹੈ, ਅੱਜਕੱਲ੍ਹ ਭਾਰੀ ਟਰੈਫਿਕ ਕਾਰਨ ਕਾਫ਼ੀ ਖਤਰਨਾਕ ਬਣਦੀ ਜਾ ਰਹੀ ਹੈ। ਅਜਿਹੀ ਸਥਿਤੀ ’ਚ ਹਸਪਤਾਲ ਦੇ ਮਰੀਜ਼ਾਂ ਨੂੰ ਸੜਕ ਪਾਰ ਕਰਨ ’ਚ ਵੀ ਕਾਫੀ ਦਿੱਕਤ ਆਉਂਦੀ ਹੈ ਅਤੇ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਪਿਛਲੇ ਦਿਨੀਂ ਸਮਾਜਿਕ ਤੇ ਸੂਚਨਾ ਅਧਿਕਾਰ ਐਕਟ ਦੇ ਕਾਰਕੁਨ ਅਤੇ ਸੀਟੀ ਵਜਾਓ ਦੇ ਕਨਵੀਨਰ ਜਤਿੰਦਰ ਜੈਨ ਨੇ ਇਸ ਸੜਕ ’ਤੇ ਪੁਲ ਬਣਾਉਣ ਜਾਂ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਅਤੇ ਪੁਲ ਦੇ ਲਾਗੂ ਹੋਣ ਤੱਕ ਇੱਥੇ ਸਪੀਡ ਬਰੇਕਰ ਬਣਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਲਦੀ ਹੀ ਇੱਥੇ ਸਪੀਡ ਬਰੇਕਰ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਦੂਜੇ ਪਾਸੇ ਜਤਿੰਦਰ ਜੈਨ ਨੇ ਕੈਬਨਿਟ ਮੰਤਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਜ਼ਰੂਰੀ ਕੰਮ ਹੈ ਜਿਸ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਇਸ ਨੂੰ ਜਲਦੀ ਪੂਰਾ ਕਰੇਗਾ ਤੇ ਇਸ ਨਾਲ ਹਾਦਸਿਆਂ ਦਾ ਸਿਲਸਿਲਾ ਰੁਕ ਜਾਵੇਗਾ।