ਨਿੱਜੀ ਪੱਤਰ ਪ੍ਰੇਰਕ
ਧੂਰੀ, 23 ਜੁਲਾਈ
ਆਸਟ੍ਰੇਲੀਆ ਤੋਂ ਪੜ੍ਹਾਈ ਕਰਕੇ ਵਾਪਸ ਆਪਣੀ ਜਨਮ ਭੂਮੀ ਧੂਰੀ ਪਰਤੇ ਇੰਡੀਅਨ ਯੂਥ ਕਾਂਗਰਸ ਦੇ ਆਗੂ ਸ਼ੁਭਮ ਸ਼ਰਮਾ ਸ਼ੁਭੀ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ‘ਆਸ’ ਫਾਊਂਡੇਸ਼ਨ ਬਣਾ ਕੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ। ਕਰੋਨਾ ਮਹਾਮਾਰੀ ਦੌਰਾਨ ਸਾਥੀਆਂ ਦੀ ਮਦਦ ਨਾਲ ਆਪਣੇ ਖਰਚ ’ਤੇ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰਕੇ ਅਤੇ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਣ ਵਾਲੀ ਸੰਸਥਾ ‘ਆਸ’ ਨੇ ਅੱਜ ਸਾਂਈ ਮੰਦਰ ਧੂਰੀ ਵਿੱਚ ਸੈਨੇਟਾਈਜ਼ ਸਟੈਂਡ ਅਤੇ ਸੈਨੇਟਾਈਜ਼ਰ ਭੇਟ ਕੀਤੇ। ਉਨ੍ਹਾਂ ਵੱਲੋਂ ਧੂਰੀ ਸ਼ਹਿਰ ਦੇ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਚਰਚ ਵਿੱਚ 40 ਦੇ ਕਰੀਬ ਸੈਨੇਟਾਈਜ਼ ਸਟੈਂਡ ਭੇਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਨਆਰਆਈ ਗਰੁੱਪ ਅਤੇ ਹੋਰ ਦੋਸਤਾਂ-ਮਿੱਤਰਾਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਗੈਰ ਰਾਜਨੀਤਕ ਸੰਸਥਾ ‘ਆਸ’ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਹੈ, ਜਿਸ ਰਾਹੀਂ ਆਉਣ ਵਾਲੇ ਸਮੇਂ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਲੱਮ ਏਰੀਏ ਦੇ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇਣੀ, ਗਰੀਬ ਬੱਚਿਆਂ ਦੀ ਪੜ੍ਹਾਈ ਲਈ ਕਿਤਾਬਾਂ, ਫੀਸਾਂ ਦਾ ਪ੍ਰਬੰਧ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਸਿਲਾਈ ਸੈਂਟਰ ਖੋਲ੍ਹੇ ਜਾਣਗੇ। ਇਸ ਮੌਕੇ ਐਡਵੋਕੇਟ ਸੰਜੀਵ ਕੁਮਾਰ ਬਹਿਲ, ਸਾਬਕਾ ਕੌਂਸਲਰ ਅਸ਼ਵਨੀ ਧੀਰ, ਰਮਨਜੋਤ ਬਿੰਦਰਾ, ਹਨੀ ਭਗਰੀਆ, ਵਿਪਨ ਸ਼ਰਮਾ, ਮਨੀ ਮਡਾਹਰ ਅਤੇ ਪ੍ਰਭਜੋਤ ਹਾਜ਼ਰ ਸਨ।