ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਦੀਆਂ ਸਾਰੀਆਂ ਇਮਾਰਤਾਂ ਅਤੇ ਸਾਰੇ ਵਾਰਡਾਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਇਸ ਮੌਕੇ ਮਿੰਕੂ ਜਵੰਧਾ ਨੇ ਕਿਹਾ ਕਿ ਸਾਰੇ ਹਸਪਤਾਲ ਨੂੰ ਸੈਨੀਟਾਈਜ਼ ਕਰਵਾ ਰਹੇ ਹਾਂ ਅਤੇ ਸ਼ਹਿਰ ਦੀਆਂ ਹੋਰ ਵੀ ਜਨਤਕ ਥਾਵਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਸਿਰਫ਼ ਘਰ ਬੈਠਿਆਂ ਹੀ ਬਿਆਨਬਾਜ਼ੀ ਕਰ ਰਹੀ ਹੈ ਜਦੋਂ ਕਿ ਹਸਪਤਾਲਾਂ ਵਿਚ ਪ੍ਰਬੰਧਾਂ ਦੀ ਹਕੀਕਤ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜਨੀਤੀ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਨ੍ਹਾਂ ਨੇ ਸਿਵਲ ਹਸਪਤਾਲ ਅਤੇ ਹੋਰ ਜਨਤਕ ਥਾਵਾਂ ਨੂੰ ਸੈਨੀਟਾਈਜ਼ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰੋਨਾ ਦੀ ਰੋਕਥਾਮ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਪਰਮਿੰਦਰ ਸਿੰਘ ਪੰਨੂ ਕਾਤਰੋਂ, ਚਰਨਜੀਤ ਸਿੰਘ ਚੰਨੀ, ਗੁਲਜ਼ਾਰ ਸਿੰਘ ਬੌਬੀ, ਰਵਿੰਦਰਪਾਲ ਸਿੰਘ ਨੋਨੀ, ਅਮਿਤ,ਦੀਪੂ ਭਾਰਤੀ ਆਦਿ ਹਾਜ਼ਰ ਸਨ।