ਪੱਤਰ ਪ੍ਰੇਰਕ
ਸ਼ੇਰਪੁਰ, 23 ਅਪਰੈਲ
ਸ਼ੇਰਪੁਰ ਦੇ ਨਾਲ ਲਗਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਚਿੱਟੇ ਸਮੇਤ ਹੋਰ ਨਸ਼ਿਆ ਦੇ ਖਾਤਮੇ ਦੇ ਵੋਟਰਾਂ ਨਾਲ ਵਾਅਦੇ ਪੂਰੇ ਕਰਨ ਲਈ ਕਿਹਾ। ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਨੇ ਕਿਹਾ ਕਿ ਇਲਾਕੇ ਵਿੱਚ ਚਿੱਟੇ ਨਾਲ ਮੌਤਾਂ ਹੋਣ ਦਾ ਰੁਝਾਨ ਘਟਦਾ ਨਜ਼ਰ ਨਹੀਂ ਆ ਰਿਹਾ ਜਿਸ ਨੇ ਰਵਾਇਤੀ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਦੀ ਭਰੋਸਯੋਗਤਾ ’ਤੇ ਸੁਆਲੀਆ ਚਿੰਨ੍ਹ ਲਗਾਇਆ ਹੈ। ਉਨ੍ਹਾਂ ਕਿਹਾ ਸਰਕਾਰ ਚਿੱਟੇ ਦੀ ਵਿਕਰੀ ਸਬੰਧੀ ਜਾਂਚ ਕਰਵਾਏ। ਉਨ੍ਹਾਂ ਚਿੱਟੇ ਸਬੰਧੀ ਹੋ ਰਹੀਆਂ ਮੌਤਾ ਦਾ ਮਾਮਲਾ ਐੱਸਐੱਚਓ ਸ਼ੇਰਪੁਰ ਕੋਲ ਉਠਾਏ ਜਾਣ ਦਾ ਵੀ ਦਾਅਵਾ ਕੀਤਾ। ਐੱਸਐੱਚਓ ਸ਼ੇਰਪੁਰ ਸੁਖਵਿੰਦਰ ਕੌਰ ਨੇ ਵਿਧਾਇਕ ਵੱਲੋਂ ਨਸ਼ਿਆਂ ਸਬੰਧੀ ਉਠਾਏ ਮੁੱਦੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਤੋਂ ਬਣਦੇ ਸਹਿਯੋਗ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਨਸ਼ਾ ਛੁਡਵਾਉਣ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ।