ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 18 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਅਖੀਰਲੇ ਦਿਨ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਥੇ ਰੈਲੀ ਕੀਤੀ ਗਈ। ਉਨ੍ਹਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂਆਂ ਵਿਰੁੱਧ ਬੋਲਣ ਦੀ ਥਾਂ ਪੰਜਾਬ ਦੇ ਭਵਿੱਖ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਪੰਜਾਬ ਦਾ ਇਤਿਹਾਸ ਤੇ ਮਾੜੀ ਰਾਜਨੀਤੀ ਬਦਲ ਦਿੱਤੀ ਜਾਵੇਗੀ ਤੇ ਪੰਜਾਬ ਅੰਦਰ ਲੋਕਾਂ ਦਾ ਰਾਜ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸੰਸਾਰ ਦੀ ਨਜ਼ਰ ਧੂਰੀ ਉੱਪਰ ਹੈ ਜਿੱਥੋਂ ‘ਆਪ’ ਦਾ ਮੁੱਢ ਬੰਨ੍ਹਿਆ ਜਾਵੇਗਾ। ਉਨ੍ਹਾਂ ਧੂਰੀ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ। ਇਸ ਮੌਕੇ ਉੱਪਰ ਅਦਾਕਾਰ ਕਰਮਜੀਤ ਸਿੰਘ ਅਨਮੋਲ, ਮਾਨ ਦੀ ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ, ਦਲਵੀਰ ਸਿੰਘ ਢਿੱਲੋਂ, ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਸਤਿੰਦਰ ਸਿੰਘ ਚੱਠਾ, ਅਸ਼ੋਕ ਕੁਮਾਰ ਲੱਖਾ, ਅਮਨਦੀਪ ਸਿੰਘ ਧਾਂਦਰਾ ਤੇ ਅਨਵਰ ਭਸੌੜ ਹੋਰ ਆਗੂ ਹਾਜ਼ਰ ਸਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜ਼ਮੀਲ-ਉਰ-ਰਹਿਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਇੱਥੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਅਕਾਲੀ, ਕਾਂਗਰਸ ਅਤੇ ਗੱਠਜੋੜ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਇਨ੍ਹਾਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਥ ਸੂਬੇ ਦੀ ਵਾਗਡੋਰ ਦੇਣ ਤਾਂ ਜੋ ਸੂਬੇ ’ਚ ਲੋਕਪੱਖੀ ਸਰਕਾਰ ਬਣ ਸਕੇ।
ਸੰਦੌੜ (ਮੁਕੰਦ ਸਿੰਘ ਚੀਮਾ): ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੋਣ ਕਾਰਨ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਸੰਦੌੜ ਪਹੁੰਚਣ ’ਤੇ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਭਗਵੰਤ ਮਾਨ ਦਾ ਇੱਥੇ ਪੁੱਜਣ ’ਤੇ ਸਿਰੋਪੇ ਨਾਲ ਸਨਮਾਨ ਕੀਤਾ। ਡੇਢ ਘੰਟੇ ਦੀ ਦੇਰੀ ਨਾਲ ਸੰਦੌੜ ਪਹੁੰਚੇ ਭਗਵੰਤ ਮਾਨ ਦੇ ਕਾਫਲੇ ਨੂੰ ਲੋਕਾਂ ਨੇ ਰੋਕ ਲਿਆ ਅਤੇ ਨਾਅਰੇ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਗਵੰਤ ਮਾਨ ਹਾਲਾਂਕਿ ਇਥੋਂ ਬਿਨ੍ਹਾਂ ਕੁੱਝ ਬੋਲੇ ਅੱਗੇ ਲੰਘ ਗਏ ਪਰ ਉਨ੍ਹਾਂ ਨੇ ਲੋਕਾਂ ਦਾ ਪਿਆਰ ਕਬੂਲਿਆ।