ਰਾਜਿੰਦਰ ਜੈਦਕਾ
ਅਮਰਗੜ੍ਹ, 13 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਨਪੁਰ ਨੇੜੇ ਹਲਕਾ ਅਮਰਗੜ੍ਹ ਦੇ ਉਮੀਦਵਾਰ ਸਮਿਤ ਸਿੰਘ ਮਾਨ ਦੇ ਹੱਕ ਵਿੱਚ ਰੈਲੀ ਕੀਤੀ। ਚੰਨੀ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਬੋਲਦਿਆਂ ਕਿਹਾ ਕਿ ਇਹ ਗਰੀਬ ਲੋਕਾਂ ਦੀ ਪਾਰਟੀ ਨਹੀਂ। ਕੇਜਰੀਵਾਲ ਝੂਠਾ ਬੰਦਾ ਹੈ। ਇੱਥੋਂ ਦਾ ‘ਆਪ’ ਉਮੀਦਵਾਰ ਕਈ ਪਾਰਟੀਆਂ ਘੁੰਮ ਕੇ ਆਇਆ ਹੈ। ਆਮ ਆਦਮੀ ਪਾਰਟੀ ਨੇ 117 ਵਿੱਚੋਂ 50 ਤੋਂ ਵੱਧ ਉਮੀਦਵਾਰਾਂ ਨੂੰ ਦੂਸਰੀਆਂ ਪਾਰਟੀਆਂ ਦੇ ਨਕਾਰੇ ਤੇ ਕੱਢੇ ਹੋਏ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ ਪਰ ਇਹ ਬਦਲਾਅ ਕਿਵੇਂ ਲਿਆ ਸਕਦੇ ਹਨ। ਕੇਜਰੀਵਾਲ ਕੋਲ ਕਿਹੜੀ ਛੜੀ ਹੈ ਜੋ ਦੂਸਰੀਆਂ ਪਾਰਟੀਆਂ ਦੇ ਨਕਾਰੇ ਹੋਏ ਲੋਕਾਂ ਨੂੰ ਦੁੱਧ ਧੋਤਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਹਲਕਾ ਅਮਰਗੜ੍ਹ ਨੂੰ ਸਿਰਫ ਸਮਿਤ ਸਿੰਘ ਮਾਨ ਵਰਗੇ ਪੜ੍ਹੇ-ਲਿਖੇ, ਸੂਝਵਾਨ ਤੇ ਇਮਾਨਦਾਰ ਵਿਆਕਤੀ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਆਉਣ ’ਤੇ ਹਰ ਗਰੀਬ ਦਾ ਘਰ ਪੱਕਾ, ਐੱਸਸੀ, ਬੀਸੀ, ਮੁਸਲਮਾਨ ਤੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ, ਮੁਫ਼ਤ ਪੜ੍ਹਾਈ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਸਮਿਤ ਮਾਨ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸ ਉਮੀਦਵਾਰ ਸਮਿਤ ਸਿੰਘ ਮਾਨ, ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਬੀਬੀ ਜਸਪਾਲ ਕੌਰ ਦੇ ਪਤੀ ਸਰਬਜੀਤ ਸਿੰਘ ਗੋਗੀ, ਮਾਰਟੀਕ ਕਮੇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਚੰਨਾ, ਸੀਨੀਅਰ ਆਗੂ ਜਸਵੀਰ ਸਿੰਘ ਜੱਸੀ, ਡਾਇਰੈਕਟਰ ਗੁਰਮੇਲ ਸਿੰਘ ਮੇਲੀ, ਸਤਿੰਦਰ ਸਿੰਘ ਕਾਲਾ ਸਣੇ ਇਲਾਕੇ ਦੇ ਪੰਚ ਸਰਪੰਚ ਤੇ ਕਾਂਗਰਸ ਆਗੂ ਹਾਜ਼ਰ ਸਨ।