ਪੱਤਰ ਪ੍ਰੇਰਕ
ਸ਼ੇਰਪੁਰ, 23 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਅੱਜ ਸ਼ੇਰਪੁਰ ਬਲਾਕ ਦੇ ਕਈ ਪਿੰਡਾਂ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਇਤਿਹਾਸਕ ਪਿੰਡ ਮੂਲੋਵਾਲ, ਧੰਦੀਵਾਲ, ਸ਼ੇਰਪੁਰ, ਕਾਤਰੋਂ ਸਮੇਤ ਦੋ ਦਰਜ਼ਨ ਪਿੰਡਾਂ ਦਾ ਦੌਰਾ ਕਰਨ ਸਬੰਧੀ ਪਿੰਡ ਘਨੌਰੀ ਕਲਾਂ ਵਿੱਚ ਆਪ ਉਮੀਦਵਾਰ ਘਰਾਚੋਂ ਨੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਵੇਂ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਵੋਟ ਪ੍ਰਤੀਸ਼ਤ ਪਹਿਲਾ ਦੇ ਮੁਕਾਬਲੇ ਘਟਦੀ ਜਾਪ ਰਹੀ ਹੈ ਪਰ ਲੋਕਾਂ ਵਿੱਚ ‘ਆਪ’ ਪ੍ਰਤੀ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਬੂਥਾਂ ’ਤੇ ਤਾਇਨਾਤ ਵਾਲੰਟੀਅਰਾਂ ਦਾ ਹੌਸਲਾ ਵੀ ਵਧਾਇਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ, ਤੇਜੀ ਕੱਕੜਵਾਲ, ਮਾਸਟਰ ਕੁਲਵੰਤ ਸਿੰਘ, ਕੇਵਲ ਸਿੰਘ ਘਨੌਰੀ, ਚਰਨਜੀਤ ਸਿੰਘ ਕਾਲੋ, ਗੁਰਲਾਲ ਸਿੰਘ ਤੇ ਮੁਸਲਿਮ ਆਗੂ ਗੁਰਲਾਲ ਸਿੰਘ ਆਦਿ ਵੀ ਹਾਜ਼ਰ ਸਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੋਹਰੀ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਵੀ ਪੋਲਿੰਗ ਬੂਥਾਂ ’ਤੇ ਜਾ ਕੇ ਵਰਕਰਾਂ ਤੇ ਆਗੂਆਂ ਦੀ ਹੌਸਲਾ ਅਫਜ਼ਾਈ ਕੀਤੀ।