ਬੀਰਬਲ ਰਿਸ਼ੀ
ਸ਼ੇਰਪੁਰ, 12 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਅੱਜ ਬਲਾਕ ਸ਼ੇਰਪੁਰ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਆਪਣਾ ਪਿਛੋਕੜ ਪਿੰਡ ਘਨੌਰੀ ਕਲਾਂ ਦਾ ਹੋਣ ਦਾ ਖੁਲਾਸਾ ਕੀਤਾ ਅਤੇ ਆਪਣੇ ਜੱਦੀ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਪੁੱਤ ਦੀ ਹਮਾਇਤ ਕਰਨ ਤੇ ਕਿਸੇ ਹੋਰ ਦਾ ਪੋਲਿੰਗ ਬੂਥ ਨਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਮਾਨ ਸਰਕਾਰ ਦੇ ਇੱਕ ਵਿਧਾਇਕ ਇੱਕ ਪੈਨਸ਼ਨ, ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ, ਖਜ਼ਾਨੇ ਦੀ ਆਮਦਨ ਵਿੱਚ 45 ਪ੍ਰਤੀਸ਼ਤ ਦਾ ਵਾਧਾ ਕਰਨ, ਪੀਆਰਟੀਸੀ ਦੀ ਆਮਦਨ ਦੁੱਗਣੀ ਕਰਨ, ਦਿੱਲੀ ਨੂੰ ਬੱਸਾਂ ਚਲਾਉਣ ਸਮੇਤ ਕੀਤੇ ਸਮੁੱਚੇ ਕੰਮਾਂ ਦਾ ਜ਼ਿਕਰ ਕੀਤਾ।
ਕਿਸਾਨ ਆਗੂ ਰੂਪ ਸਿੰਘ ਨੇ ਪਿੰਡ ਘਨੌਰੀ ਕਲਾਂ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਏ ਜਾਣ ਦਾ ਮੁੱਦਾ ਉਠਾਇਆ ਜਿਸ ਦੇ ਜਵਾਬ ਵਿੱਚ ਉਮੀਦਵਾਰ ਘਰਾਚੋਂ ਨੇ ਦੱਸਿਆ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਖ਼ਤੀ ਨਾਲ ਬਕਾਇਆ ਰਾਸ਼ੀ ਜਾਰੀ ਕਰਵਾਏ ਜਾਣ ਲਈ ਮੈਨੇਜਮੈਂਟ ਸੱਦ ਲਈ ਹੈ। ਪਿੰਡ ਘਨੌਰੀ ਕਲਾਂ ਵੱਲੋਂ ਮੋਹਤਬਰ ਮਾਸਟਰ ਕੁਲਵੰਤ ਸਿੰਘ, ਇਕਾਈ ਪ੍ਰਧਾਨ ਗੁਰਮੇਲ ਸਿੰਘ ਅਤੇ ਮੁਸਲਿਮ ਆਗੂ ਅਮਨ ਖਾਨ ਨੇ ਪਿੰਡ ਵਿੱਚ ਵੱਡੀ ਲੀਡ ਨਾਲ ਜਿਤਾਉਣ ਦਾ ਵਾਅਦਾ ਕੀਤਾ। ਇਸ ਮੌਕੇ ਵਿਧਾਇਕ ਦਲਵੀਰ ਸਿੰਘ ਟੌਂਗ, ‘ਆਪ’ ਆਗੂ ਸਤਿੰਦਰ ਚੱਠਾ, ਸੂਬਾ ਜਨਰਲ ਸਕੱਤਰ ਪਰਮਿੰਦਰ ਪੰਨੂ, ਡਾਕਟਰ ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ ਅਤੇ ਗੁਰਤੇਜ ਸਿੰਘ ਕੱਕੜਵਾਲ ਨੇ ਵੀ ਸੰਬੋਧਨ ਕੀਤਾ। ‘ਆਪ’ ਉਮੀਦਵਾਰ ਦੀ ਜਿੱਤ ਲਈ ਅੱਜ ਤੋਂ ਇੱਕ ਮੰਤਰੀ ਤੇ ਨੌਂ ਵਿਧਾਇਕ ਹਲਕੇ ਦੇ ਪਿੰਡਾਂ ਵਿੱਚ ਸਰਗਰਮ ਹੋ ਗਏ ਹਨ।
ਘਰਾਚੋਂ ਦੇ ਹੱਕ ਵਿੱਚ ਕੈਬਨਿਟ ਮੰਤਰੀ ਜਿੰਪਾ ਵੱਲੋਂ ਚੋਣ ਮੀਟਿੰਗਾਂ
ਭਵਾਨੀਗੜ੍ਹ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਅਨਮੋਲ ਗਗਨ ਮਾਨ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਹਰਕਿਸ਼ਨਪੁਰਾ, ਰੌਸ਼ਨਵਾਲਾ ਅਤੇ ਫੱਗੂਵਾਲਾ ਵਿੱਚ ਲੋਕ ਸਭਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਤਿੰਨੋਂ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਗਾਤਾਰ ਦੋ ਵਾਰ ਐੱਮਪੀ ਬਣ ਕੇ ਭਗਵੰਤ ਸਿੰਘ ਮਾਨ ਵੱਲੋਂ ਸੰਸਦ ਵਿੱਚ ਤਿੰਨ ਕਾਲੇ ਕਾਨੂੰਨਾਂ ਸਮੇਤ ਹਰ ਮਸਲੇ ’ਤੇ ਆਵਾਜ਼ ਬੁਲੰਦ ਕੀਤੀ ਗਈ। ਹੁਣ ਇਲਾਕੇ ਦੇ ਨੌਜਵਾਨ ਉਮੀਦਵਾਰ ਗੁਰਮੇਲ ਸਿੰਘ ਪੰਜਾਬ ਦੇ ਮਸਲੇ ਸੰਸਦ ਵਿੱਚ ਚੁੱਕਣਗੇ। ਉਨ੍ਹਾਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਇਕੋ ਥੈਲੀ ਦੇ ਚੱਟੇ ਵੱਟੇ ਕਰਾਰ ਦਿੰਦਿਆਂ ਗੁਰਮੇਲ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।