ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਜੂਨ
ਅੱਜ ਇੱਥੇ ਬਾਬਾ ਪੋਥੀ ਵਾਲੇ ਡੇਰੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਾਲੰਟੀਅਰਾਂ ਦੀ ਮੀਟਿੰਗ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀ ਅਬਜਰਵਰ ਪ੍ਰੋ. ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ ਨੇ ਵਲੰਟੀਅਰਾਂ ਨੂੰ 2022 ਵਿੱਚ ਪੰਜਾਬ ਅੰਦਰ ਆਪ ਦੀ ਸਰਕਾਰ ਬਣਾਉਣ ਲਈ ਤਿਆਰੀਆਂ ਵਿੱਚ ਜੁਟ ਜਾਣ ਦਾ ਸੱਦਾ ਦਿੱਤਾ। ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਅਗਲੀ ਸਰਕਾਰ ‘ਆਪ’ ਦੀ ਹੀ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮੰਡੀਕਰਨ ਤੋੜਨ ਅਤੇ ਫਸਲਾਂ ਦਾ ਸਮਰਥਨ ਮੁੱਲ ਖਤਮ ਕਰਨ ਦੇ ਫੈਸਲੇ ਲੈਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦਾ ਰਾਹ ਫੜ ਲਿਆ ਹੈ ਅਤੇ ਬਾਦਲ ਦਲ ਨੇ ਇਸ ਬਿੱਲ ਦੀ ਹਮਾਇਤ ਕਰਕੇ ਪੰਜਾਬ ਨਾਲ ਦਗਾ ਕੀਤਾ ਹੈ, ਜਿਸ ਦਾ ਪਾਰਟੀ ਡਟ ਕੇ ਵਿਰੋਧ ਕਰਦੀ ਹੈ। ਇਸ ਮੌਕੇ ਰਾਜਵੰਤ ਸਿੰਘ ਘੁੱਲੀ, ਮਾਲਵਾ ਜ਼ੋਨ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਅਵਤਾਰ ਸਿੰਘ ਈਲਵਾਲ, ਦਿਨੇਸ਼ ਬਾਂਸਲ, ਹਰਦੀਪ ਸਿੰਘ ਭਰੂਰ ਨੇ ਵੀ ਸੰਬੋਧਨ ਕੀਤਾ।