ਬੀਰਬਲ ਰਿਸ਼ੀ
ਸ਼ੇਰਪੁਰ, 15 ਫਰਵਰੀ
ਹਲਕਾ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦਾ ਹੀ ਦੂਜਾ ਰੂਪ ਦੱਸਿਆ ਅਤੇ ਕਿਹਾ ਕਿ ਜਿਹੜੇ ਪਾਰਟੀ ਸੁਪਰੀਮੋ ਕੇਜਰੀਵਾਲ ਨੇ ਟਿਕਟਾਂ ਦੀ ਵੰਡ ਮੌਕੇ ਭਗਵੰਤ ਮਾਨ ਦੇ ਕਹਿਣ ’ਤੇ ਇੱਕ ਟਿਕਟ ਨਹੀਂ ਦਿੱਤੀ ਉਹ ਯਕੀਨਨ ਮੁੱਖ ਮੰਤਰੀ ਬਣ ਜਾਣ ’ਤੇ ਭਗਵੰਤ ਮਾਨ ਨੂੰ ਰੱਬੜ ਦੀ ਮੋਹਰ ਬਣਾ ਕੇ ਰੱਖੇਗਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਵਿਧਾਇਕ ਖੰਗੂੜਾ ਲੋਕਾਂ ਲਈ ਗੋਲਡੀ ਨਹੀਂ, ਇਹ ਲੋਕਾਂ ਲਈ ਖਰਾ ਗੋਲਡ (ਖਰਾ ਸੋਨਾ) ਹੈ ਜੋ ਸਮਰੱਥਾਵਾਨ ਹੈ।
ਉਨ੍ਹਾਂ ਕਿਹਾ ਕਿ ਜੇ ਨਰਿੰਦਰ ਮੋਦੀ ਵਾਂਗ ਕੇਜਰੀਵਾਲ ਨੂੰ ਸਿਰ ’ਤੇ ਬਿਠਾ ਲਿਆਂ ਤਾਂ ਮੁੜ ਕੇ ਲਾਹੁਣਾ ਔਖਾ ਹੋ ਜਾਵੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਖਿਲਾਫ਼ ਅਵਾਜ ਚੁੱਕਣ ਦੇ ਮਾਮਲੇ ਵਿੱਚ ਈਡੀ ਦੇ ਮੁਕੱਦਮੇ ਤਹਿਤ 78 ਦਿਨ ਜੇਲ੍ਹ ਜਾਣਾ ਪਿਆ ਪਰ ਦੂਜੇ ਪਾਸੇ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਦਲੇਰ ਮੁੱਖ ਮੰਤਰੀ ਕੇਜਰੀਵਾਲ ਨੇ ਮਜੀਠੀਆ ਦੇ ਮਾਣਹਾਨੀ ਦੇ ਕੀਤੇ ਇੱਕ ‘ਟੁੱਚੂ’ ਜਿਹੇ ਕੇਸ ਵਿੱਚ ਮੁਆਫ਼ੀ ਮੰਗ ਲਈ। ਉਨ੍ਹਾਂ ਭਗਵੰਤ ਮਾਨ ’ਤੇ ਵਿਅੰਗ ਕਰਦਿਆਂ ਕਿਹਾ,‘ਲੋਕੋ, ਗੋਲਡੀ ਜਿਤਾ ਦਿਓ ਚੁਟਕਲਿਆਂ ਲਈ ਸਪੈਸ਼ਲ ਬੰਦਾ ਰੱਖ ਦਿਆਂਗੇ।’ ਉਨ੍ਹਾਂ ਕੇਜਰੀਵਾਲ ਸਬੰਧੀ ਕਿਹਾ ਕਿ ਜਿਹੜਾ ਬੰਦਾ ‘ਘੁੱਗੀ’ ਨੂੰ ‘ਗੁੱਗੀ’ ਕਹਿੰਦਾ ਹੈ ਉਹ ਤੁਹਾਡੇ ਸੱਭਿਆਚਾਰ ਨੂੰ ਕੀ ਸਮਝੇਗਾ? ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਹੈਪੀ, ਸਰਪੰਚ ਗੁਰਜੰਟ ਸਿੰਘ ਘਨੌਰੀ, ਸੁਸਾਇਟੀ ਮੀਤ ਪ੍ਰਧਾਨ ਪਰਗਟ ਸਿੰਘ ਆਦਿ ਹਾਜ਼ਰ ਸਨ।
ਭਗਵੰਤ ਧੂਰੀ ਤੋਂ ਮਾਰਨਗੇ ਹੈਟ੍ਰਿਕ: ਗੋਲਡੀ
ਧੂਰੀ (ਹਰਦੀਪ ਸਿੰਘ ਸੋਢੀ): ਧੂਰੀ ਤੋਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਹਿਰਾਂ ਦੇ ਕਈ ਵਾਰਡਾਂ ਤੇ ਪਿੰਡਾਂ ਅੰਦਰ ਜਾ ਕੇ ਆਪਣੇ ਲਈ ਵੋਟਾਂ ਮੰਗੀਆਂ। ਗੋਲਡੀ ਨੇ ਕਿਹਾ ਕਿ ਧੂਰੀ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਪਹਿਲਾਂ ਲਹਿਰਾਗਾਗਾ ਤੇ ਜਲਾਲਾਬਾਦ ਤੋਂ ਚੋਣ ਹਾਰ ਚੁੱਕੇ ਹਨ, ਜਿੱਥੇ ਮਾਨ ਆਪਣੀ ਜਿੱਤ ਦੇ ਦਾਅਵੇ ਕਰਦੇ ਸਨ। ਲੋਕਾਂ ਨੇ ਉਨ੍ਹਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ, ਹੁਣ ਧੂਰੀ ਦੇ ਲੋਕ ਉਨ੍ਹਾਂ ਨੂੰ ਹਰਾ ਕੇ ‘ਕ੍ਰਿਕਟ ਵਾਲੀ ਹੈਟ੍ਰਿਕ’ ਮਾਰਨਗੇ।