ਕਰੋਨਾ ਜਣੇਪਾ ਕੇਂਦਰ ਵਿੱਚ ਦਾਖਲ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ

ਕਰੋਨਾ ਜਣੇਪਾ ਕੇਂਦਰ ਵਿੱਚ ਦਾਖਲ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ

ਪੀਪੀਈ ਕਿੱਟ ਪਹਿਨ ਕੇ ਵਾਰਡ ’ਚ ਮਰੀਜ਼ਾਂ ਦਾ ਹਾਲ-ਚਾਲ ਪੁੱਛਦੇ ਹੋਏ ਸਿਮਰਤ ਕੌਰ ਖੰਗੂੜ।

ਪਵਨ ਕੁਮਾਰ ਵਰਮਾ
ਧੂਰੀ, 10 ਜੁਲਾਈ

ਕਰੋਨਾ ਮਹਾਮਾਰੀ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਦੀਆਂ ਕਰੋਨਾ ਪੀੜਤ ਗਰਭਵਤੀ ਮਹਿਲਾਵਾਂ ਲਈ ਇੱਕੋ-ਇੱਕ ਜਣੇਪਾ ਕੇਂਦਰ ਸਿਵਲ ਹਸਪਤਾਲ ਧੂਰੀ ਵਿੱਚ ਵੱਖਰੇ ਤੌਰ ’ਤੇ ਬਣਾਇਆ ਹੋਇਆ ਹੈ ਜਿਸ ਵਿੱਚ ਕਰੋਨਾ ਪੋਜ਼ੇਟਿਵ ਸੁਨਾਮ ਦੀ ਇੱਕ ਮਹਿਲਾ ਨੇ ਅੱਜ ਇੱਕ ਲੜਕੇ ਨੂੰ ਜਨਮ ਦਿੱਤਾ ਹੈ। ਸਿਵਲ ਹਸਪਤਾਲ ਧੂਰੀ ਦੇ ਐੱਸਐਮਓ. ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਮਾਹਰ ਗਾਇਨੋਕੋਲੌਜਿਸਟ ਡਾ. ਕਰਨਵੀਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰੋਨਾ ਪੋਜ਼ੇਟਿਵ ਗਰਭਵਤੀ ਮਹਿਲਾ ਦਾ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਸੁਨਾਮ ਦੀ ਰਹਿਣ ਵਾਲੀ ਇਸ ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਂ ਅਤੇ ਬੱਚਾ ਦੋਨੋਂ ਤੰਦਰੁਸਤ ਹਨ ਅਤੇ ਬੱਚਿਆਂ ਦੇ ਮਾਹਰ ਡਾਕਟਰ ਵੱਲੋਂ ਨਵ-ਜਨਮੇਂ ਬੱਚੇ ਦਾ ਕਰੋਨਾ ਸੈਂਪਲ ਲੈ ਕੇ ਟੈਸਟ ਲਈ ਲੈਬੋਰੇਟਰੀ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਣੇ ਕਰੋਨਾ ਜਣੇਪਾ ਕੇਂਦਰ ਸਿਵਲ ਹਸਪਤਾਲ ਧੂਰੀ ਵਿੱਚ ਕਿਸੇ ਕਰੋਨਾ ਪਾਜ਼ਾਟਿਵ ਗਰਭਵਤੀ ਔਰਤ ਦੇ ਬੱਚਾ ਹੋਣ ਦਾ ਜ਼ਿਲ੍ਹਾ ਸੰਗਰੂਰ ਦਾ ਇਹ ਪਹਿਲਾ ਕੇਸ ਹੈ। ਐੱਸਐਮਓ ਡਾ. ਗੁਰਸ਼ਰਨ ਸਿੰਘ ਤੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਨੇ ਇਸ ਨਵ-ਜਨਮੇ ਬੱਚੇ ਅਤੇ ਉਸ ਦੀ ਮਾਤਾ ਦੀ ਤੰਦਰੁਸਤੀ ਦੀ ਕਾਮਨਾ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਇਸ ਬੱਚੇ ਦੇ ਪੈਦਾ ਹੋਣ ਦੀ ਮੁਬਾਰਕਵਾਦ ਦਿੱਤੀ ਹੈ। ਇਸੇ ਦੌਰਾਨ ਸਿਵਲ ਹਸਪਤਾਲ ’ਚ ਸਥਾਪਿਤ ਕੀਤੇ ਗਰਭਵਤੀ ਔਰਤਾਂ ਦੇ ਇਕਾਂਤਵਾਸ ਕੇਂਦਰ ਦਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਸਿਮਰਤ ਕੌਰ ਖੰਗੂੜਾ ਨੇ ਦੌਰਾ ਕਰਦਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਰੋਨਾ ਪੀੜਤ ਔਰਤਾਂ ਦਾ ਹਾਲ-ਚਾਲ ਜਾਣਿਆ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸਿਮਰਤ ਕੌਰ ਖੰਗੂੜਾ ਖੁਦ ਪੀਪੀਈ ਕਿੱਟ ਪਾ ਕੇ ਵਾਰਡ ਅੰਦਰ ਗਏ ਸਨ ਤੇ ਮਰੀਜ਼ਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨੂੰ ਪੀਪੀਈ ਕਿੱਟਾਂ ਵੀ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਤ ਖੰਗੂੜਾ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਰੀਜ਼ਾਂ ਲਈ ਬਹੁਤ ਹੀ ਵਧੀਆਂ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All