ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਜੂਨ
ਸਥਾਨਕ ਥਾਣਾ ਸ਼ਹਿਰੀ -1 ਦੀ ਪੁਲੀਸ ਨੇ ਸੰਦੀਪ ਕੁਮਾਰ ਵਾਸੀ ਫ਼ਰੀਦ ਨਗਰ ਰਾਮਪੁਰਾ (ਬਠਿੰਡਾ) ਦੇ ਬਿਆਨਾਂ ‘ਤੇ ਮੁਹੰਮਦ ਆਲਮ, ਮੁਹੰਮਦ ਰਿਆਜ਼, ਇਰਸ਼ਾਦ ਮੁਹੰਮਦ ਅਤੇ ਇਸਤਗਾਰ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਧਾਰਾ 295 ਏ, 120 ਬੀ, 427, 4ਏ, 4ਬੀ , 48, 11 ਤਹਿਤ ਕੇੇਸ ਦਰਜ ਕੀਤਾ ਹੈ।
ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਭੀਖੀ ਇਲਾਕੇ ਵਿੱਚੋਂ ਦੇਸੀ ਬਲਦ ਇਕੱਠੇ ਕਰਨ ਉਪਰੰਤ ਕਿਸੇ ਸੁਨਸਾਨ ਜਗ੍ਹਾ ‘ਤੇ ਟਰੱਕ ਵਿਚ ਬੇਰਹਿਮੀ ਨਾਲ ਲੱਦ ਕੇ ਕੇ ਵੱਡਣ ਲਈ ਸਹਾਰਨਪੁਰ (ਯੂ.ਪੀ) ਵਿਚ ਲੈ ਕੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਬਰਨਾਲਾ-ਧਨੌਲਾ ਹੁੰਦੇ ਹੋਏ ਸੰਗਰੂਰ ਬਰਨਾਲਾ ਕੈਂਚੀਆਂ ‘ਤੇ ਆਏ ਤਾਂ ਧੂਰੀ ਵੱਲ ਜਾਂਦਾ ਟਰੱਕ ਦਿਖਾਈ ਦੇਖ ਕੇ ਉਨ੍ਹਾਂ ਟਰੱਕ ਦਾ ਪਿੱਛਾ ਕੀਤਾ ਤਾਂ ਤੇਜ਼ ਰਫ਼ਤਾਰ ਟਰੱਕ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਨਜ਼ਦੀਕ ਬਿਜਲੀ ਦੇ ਖੰਭੇ ਨਾਲ ਟਕਰਾਅ ਗਿਆ। ਜਦੋਂ ਉਨ੍ਹਾਂ ਆਪਣੀ ਐਂਬੂਲੈਂਸ ਟਰੱਕ ਕੋਲ ਰੋਕੀ ਤਾਂ ਉਕਤ ਵਿਆਕਤੀ ਆਲੇ ਦੁਆਲੇ ਗਲੀਆਂ ਵਿਚ ਭੱਜ ਗਏ। ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਟਰੱਕ ਆਪਣੇ ਕਾਬੂ ਵਿਚ ਲੈ ਲਿਆ ਅਤੇ ਬਲਦਾਂ ਨੂੰ ਸਰਕਾਰੀ ਗਊਸ਼ਾਲਾ ਵਿਚ ਛੱਡ ਦਿੱਤਾ ਗਿਆ। ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਦੋਂ ਕਿ ਤਿੰਨ ਫ਼ਰਾਰ ਹਨ।