ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਉਮੀਦਵਾਰਾਂ ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ। ਅੱਜ ਕਿਸੇ ਵੀ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ ਜਿਸ ਕਾਰਨ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।
ਚੋਣ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਅਤੇ ਕੁੱਲ ਹਿੰਦ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ, ਆਪਣੀ ਏਕਤਾ ਪਾਰਟੀ ਦੇ ਉਮੀਦਵਾਰ ਹਸਨ ਮੁਹੰਮਦ ਅਤੇ ਪੀਪਲਜ਼ ਪਾਰਟੀ ਆਫ਼ ਇੰਡੀਆ ਡੈਮੋਕ੍ਰੇਟਿਕ ਦੇ ਉਮੀਦਵਾਰ ਜਗਮੋਹਨ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ’ਚ ਅਜੇ ਕੁਮਾਰ, ਪੱਪੂ ਕੁਮਾਰ, ਗਗਨਦੀਪ ਸਿੰਘ, ਜਗਪਾਲ ਸਿੰਘ, ਸ਼ਕਤੀ ਕੁਮਾਰ ਗੁਪਤਾ, ਰਤਨ ਲਾਲ, ਸੁਨੈਨਾ, ਕੁਲਵੀਰ ਸਿੰਘ ਅਤੇ ਅਮਨਦੀਪ ਕੌਰ ਉਪਲ ਸ਼ਾਮਲ ਹਨ।
ਸੰਗਰੂਰ ਲੋਕ ਸਭਾ ਹਲਕੇ ’ਚ ਤਿੰਨ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ’ਚ ਕੁੱਲ 15 ਲੱਖ, 66 ਹਜ਼ਾਰ 390 ਵੋਟਰ ਹਨ। ਸੰਗਰੂਰ ਜ਼ਿਲ੍ਹੇ ’ਚ ਪੰਜ ਵਿਧਾਨ ਸਭਾ ਹਲਕੇ ਲਹਿਰਾ, ਦਿੜ੍ਹਬਾ, ਸੁਨਾਮ, ਧੂਰੀ ਅਤੇ ਸੰਗਰੂਰ ਪੈਂਦੇ ਹਨ। ਬਰਨਾਲਾ ਜ਼ਿਲ੍ਹੇ ’ਚ ਤਿੰਨ ਵਿਧਾਨ ਸਭਾ ਹਲਕੇ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਪੈਂਦੇ ਹਨ ਜਦੋਂ ਕਿ ਜ਼ਿਲ੍ਹਾ ਮਾਲੇਰਕੋਟਲਾ ’ਚ ਸਿਰਫ਼ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਹੀ ਪੈਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਨ 1999 ’ਚ ਇਸ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸੰਨ 2007 ਅਤੇ 2012 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਇਕ ਬਣੇ ਸਨ। ਢਿੱਲੋਂ ਨੇ ਸੰਨ 2019 ’ਚ ਬਤੌਰ ਕਾਂਗਰਸੀ ਉਮੀਦਵਾਰ ਲੋਕ ਸਭਾ ਦੀ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ। ਇਸ ਵਾਰ ਕਮਲ ਦਾ ਫੁੱਲ ਖਿੜਾਉਣ ਲਈ ਚੋਣ ਪਿੜ ’ਚ ਨਿੱਤਰੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਸੰਨ 2017 ’ਚ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਪਾਰਟੀ ਨੇ ਗੋਲਡੀ ਨੂੰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਪਹਿਲੀ ਵਾਰ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੂਜੀ ਵਾਰ ਲੋਕ ਸਭਾ ਦੇ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਪਹਿਲਾਂ ਸੰਨ 2014 ’ਚ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਪਰੰਤੂ ਸਫ਼ਲ ਨਹੀਂ ਹੋਏ।
ਚੋਣ ਗਤੀਵਿਧੀਆਂ ਲਈ ਪ੍ਰਵਾਨਗੀ ਲੈਣੀ ਲਾਜ਼ਮੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਪੀਲ ਕੀਤੀ ਕਿ ਚੋਣ ਪ੍ਰਚਾਰ ਜਾਂ ਚੋਣਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਾਊਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਚਾਰ ਜਿਸ ’ਚ ਰੈਲੀਆਂ, ਲਾਊਡ ਸਪੀਕਰ ਦੀ ਵਰਤੋਂ, ਘਰ-ਘਰ ਜਾ ਕੇ ਪ੍ਰਚਾਰ ਕਰਨਾ, ਜਨਤਕ ਬੈਠਕਾਂ ਜਾਂ ਅਸਥਾਈ ਦਫ਼ਤਰ ਖੋਲ੍ਹਣ ਦੇ ਨਾਲ-ਨਾਲ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਬਿਨਾਂ ਮਨਜ਼ੂਰੀ ਲਏ ਨਹੀਂ ਕੀਤੀ ਜਾ ਸਕਦੀ। ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣ ਪ੍ਰਚਾਰ ਜਾਂ ਕਿਸੇ ਹੋਰ ਗਤੀਵਿਧੀ ਦੀ ਅਗਾਊਂ ਮਨਜ਼ੂਰੀ ਲੈਣ ਲਈ ਸਬੰਧਤ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨਾਲ ਇਲੈਕਸ਼ਨ ਕਮਿਸ਼ਨ ਦੇ ਆਨਲਾਈਨ ਪੋਰਟਲ ਰਾਹੀਂ ਸੰਪਰਕ ਸਾਧਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਅਗਾਊਂ ਮਨਜ਼ੂਰੀ ਲੈਣ ਲਈ ਉਮੀਦਵਾਰ, ਉਨ੍ਹਾਂ ਦਾ ਨੁਮਾਇੰਦਾ ਜਾਂ ਰਾਜਨੀਤਿਕ ਪਾਰਟੀ ਵੱਲੋਂ ਅਧਿਕਾਰਤ ਵਿਅਕਤੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ‘ਐਨਕੋਰ’ ਪੋਰਟਲ ’ਤੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ ਜਾਂ ਚੌਪਰ ਦੀ ਵਰਤੋਂ ਦੀ ਮਨਜ਼ੂਰੀ ਸਿਰਫ਼ ਰਿਟਰਨਿੰਗ ਅਫ਼ਸਰ ਵੱਲੋਂ ਹੀ ਜਾਰੀ ਕੀਤੀ ਜਾਵੇਗੀ ਜਦ ਕਿ ਬਾਕੀ ਸਾਰੀਆਂ ਪ੍ਰਵਾਨਗੀਆਂ ਏਆਰਓਜ਼ ਦੇ ਪੱਧਰ ਉੱਤੇ ਜਾਰੀ ਹੋਣਗੀਆਂ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।