ਧੂਰੀ (ਟਨਸ): ਸਿਟੀ ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੱਕ ਦੇ ਆਧਾਰ ’ਤੇ ਵੱਡੀ ਮਾਤਰਾ ’ਚ ਪਨੀਰ ਅਤੇ ਦੁੱਧ ਤੋਂ ਬਣੇ ਉਤਪਾਦ ਕਬਜ਼ੇ ’ਚ ਲਏ ਗਏ ਹਨ। ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਸਿੰਗਲਾ ਮਿਲਕ ਸੈਂਟਰ ਦਿੜ੍ਹਬਾ ਵੱਲੋਂ ਕਥਿਤ ਤੌਰ ’ਤੇ ਨਕਲੀ ਪਨੀਰ ਅਤੇ ਦੁੱਧ ਤੋਂ ਬਣੇ ਉਤਪਾਦ ਸਪਲਾਈ ਕੀਤੇ ਜਾਂਦੇ ਹਨ ਜਿਸ ’ਤੇ ਕਾਰਵਾਈ ਕਰਦਿਆਂ ਬੋਲੈਰੋ ਗੱਡੀ ਨੂੰ ਕਾਬੂ ਕੀਤਾ ਗਿਆ, ਜਿਸ ਵਿਚੋਂ ਕਰੀਬ 4 ਕੁਇੰਟਲ ਪਨੀਰ ਅਤੇ ਦੁੱਧ ਤੋਂ ਬਣੇ ਉਤਪਾਦਾਂ ’ਚ 10 ਕਿਲੋ ਦਹੀਂ ਅਤੇ 5 ਕਿੱਲੋ ਮੱਖਣ ਬਰਾਮਦ ਕੀਤਾ ਗਿਆ। ਫੂਡ ਸੇਫ਼ਟੀ ਅਫ਼ਸਰ ਸੰਗਰੂਰ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਨਮੂਨੇ ਲੈਬਾਰਟਰੀ ’ਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।