ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਜੁਲਾਈ
ਨੇੜਲੇ ਪਿੰਡ ਆਲੋਅਰਖ ਵਿੱਚ ਖੇਤ ਵਿੱਚ ਸਾਂਝੀ ਵੱਟ ਤੋਂ ਦੋ ਪਰਿਵਾਰਾਂ ਵਿੱਚ ਹੋਏ ਝਗੜੇ ਕਾਰਨ ਇਕ ਧਿਰ ਦੀਆਂ ਚਾਰ ਔਰਤਾਂ ਸਮੇਤ ਪੰਜ ਜੀਆਂ ਨੇ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਦਿੱਤਾ। ਤਪਦੀ ਧੁੱਪ ਵਿੱਚ ਪਰਿਵਾਰ ਦੇ ਜੀਆਂ ਨੇ ਪੁਲੀਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਲਖਵੀਰ ਸਿੰਘ, ਉਸ ਦੀ ਭੈਣ ਹਰਦੀਪ ਕੌਰ, ਮਾਂ ਅਮਰਜੀਤ ਕੌਰ ਅਤੇ ਦੋ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿੱਚ ਖੇਤ ਦੀ ਵੱਟ ਦਾ ਰੌਲਾ ਸੀ ਅਤੇ ਦੂਜੀ ਧਿਰ ਦੇ ਮੁੰਡਿਆਂ ਨੇ ਸਾਡੀ ਲੜਕੀ ਦੀ ਕੁੱਟਮਾਰ ਕੀਤੀ ਤੇ ਦੁਰਵਿਹਾਰ ਕੀਤਾ। ਜਦੋਂ ਦੂਜੀਆਂ ਔਰਤਾਂ ਛਡਾਉਣ ਗਈਆਂ ਤਾਂ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ। ਉੁਨ੍ਹਾਂ ਪੁਲੀਸ ’ਤੇ ਦੋਸ਼ ਲਗਾਇਆ ਕਿ ਪੁਲੀਸ ਨੇ ਉਨਾਂ ਦੀ ਸ਼ਿਕਾਇਤ ’ਤੇ ਦੂਜੀ ਧਿਰ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਲਟਾ ਉੁਨ੍ਹਾਂ ਖ਼ਿਲਾਫ਼ ਹੀ ਪਰਚਾ ਦਰਜ ਕਰ ਦਿੱਤਾ। ਇਸ ਮਗਰੋਂ ਡੀਐੱਸਪੀ ਮੋਹਿਤ ਅਗਰਵਾਲ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਪੜਤਾਲ ਵਿੱਚ ਦੋਸ਼ੀ ਪਾਏ ਗਏ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਜਾਮ ਖੁੱਲ੍ਹਵਾਇਆ।
ਦੂਜੀ ਧਿਰ ਦੀ ਹਸਪਤਾਲ ਵਿੱਚ ਦਾਖਲ ਔਰਤ ਸੁਖਵਿੰਦਰ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲਖਵੀਰ ਸਿੰਘ ਤੇ ਇਸ ਧਿਰ ਨਾਲ ਸਬੰਧਤ ਔਰਤਾਂ ਨੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਕਾਰਨ ੳਹ ਹਸਪਤਾਲ ਵਿੱਚ ਦਾਖਲ ਹੈ।