ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਈ
ਇਥੇ ਬੀਤੀ ਦੇਰ ਰਾਤ ਸਥਾਨਕ ਘੁਮਿਆਰ ਬਸਤੀ ਵਿਖੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੇ ਗੁਆਂਢੀ ਦੋ ਭਰਾਵਾਂ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਲੋਕਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿਚ ਲਾਸ਼ ਰੱਖ ਕੇ ਆਵਾਜਾਈ ਠੱਪ ਕੀਤੀ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਮਨਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਉਸ ਦਾ ਛੋਟਾ ਭਰਾ ਕਮਲਦੀਪ ਕੁਮਾਰ ਉਰਫ਼ ਕਮਲ (22) ਮਕਾਨ ਦੀ ਛੱਤ ਉਪਰ ਚਲਾ ਗਿਆ ਤੇ ਉਹ ਕਾਫ਼ੀ ਸਮਾਂ ਹੇਠਾਂ ਨਹੀਂ ਉਤਰਿਆ। ਜਦੋਂ ਉਸ ਨੇ ਰਾਤ ਕਰੀਬ ਪੌਣੇ ਇੱਕ ਵਜੇ ਮਕਾਨ ਦੀ ਛੱਤ ਉਪਰ ਚੜ੍ਹ ਕੇ ਦੇਖਿਆ ਕਿ ਮਨਿੰਦਰ ਸਿੰਘ ਉਰਫ਼ ਮੋਨੂੰ ਤੇ ਇੱਕ ਹੋਰ ਅਣਪਛਾਤੇ ਨੌਜਵਾਨ ਨੇ ਉਸ ਦੇ ਭਰਾ ਨੂੰ ਦੋਵੇਂ ਬਾਹਾਂ ਤੋਂ ਫੜਿਆ ਹੋਇਆ ਸੀ, ਇੱਕ ਹੋਰ ਅਣਪਛਾਤੇ ਨੇ ਉਸ ਦਾ ਮੂੰਹ ਕੱਪੜਾ ਰੱਖ ਕੇ ਬੰਦ ਕੀਤਾ ਹੋਇਆ ਸੀ। ਮਨਿੰਦਰ ਮੋਨੂੰ ਦੇ ਭਰਾ ਹੁਸਨਪਾਲ ਸਿੰਘ ਉਰਫ਼ ਗੋਲਡੀ ਨੇ ਹੱਥ ਵਿਚ ਫੜੇ ਰਿਵਾਲਵਰ ਨਾਲ ਉਸ ਦੇ ਭਰਾ ਦੇ ਮੱਥੇ ਉਪਰ ਗੋਲੀ ਮਾਰੀ ਤੇ ਉਸ ਦਾ ਭਰਾ ਡਿੱਗ ਪਿਆ। ਉਸ ਵਲੋਂ ਰੌਲਾ ਪਾਉਣ ’ਤੇ ਹਮਲਾਵਰ ਹਥਿਆਰ ਸਮੇਤ ਮੌਕੇ ਤੋਂ ਭੱਜ ਗਏ। ਉਹ ਆਪਣੇ ਭਰਾ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਘਟਨਾ ਦੀ ਵਜ੍ਹਾ ਰੰਜਿਸ਼ ਹੈ ਕਿ ਹੁਸਨਪਾਲ ਸਿੰਘ ਉਰਫ਼ ਗੋਲਡੀ ਦੇ ਦੋਸਤਾਂ ਦਾ ਕਿਸੇ ਨਾਲ ਦੀਵਾਲੀ ਮੌਕੇ ਕਿਲਾ ਮਾਰਕੀਟ ’ਚ ਝਗੜਾ ਹੋ ਗਿਆ ਸੀ ਜਿਨ੍ਹਾਂ ਨੂੰ ਸ਼ੱਕ ਸੀ ਕਿ ਉਸ ਦਾ ਭਰਾ ਕਮਲਦੀਪ ਰਾਜ਼ੀਨਾਮਾ ਨਹੀਂ ਹੋਣ ਦੇ ਰਿਹਾ।
ਬਾਅਦ ਦੁਪਹਿਰ ਭਗਵਾਨ ਮਹਾਂਵੀਰ ਚੌਕ ਵਿਚ ਲਾਸ਼ ਰੱਖ ਕੇ ਮ੍ਰਿਤਕ ਦੇ ਪਰਿਵਾਰ ਤੇ ਲੋਕਾਂ ਵਲੋਂ ਰੋਸ ਧਰਨਾ ਦਿੰਦਿਆਂ ਆਵਾਜਾਈ ਠੱਪ ਕੀਤੀ ਗਈ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਅਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਘਟਨਾ ਲਈ ਜ਼ਿੰਮੇਵਾਰ ਕੁੱਝ ਹੋਰ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਧਰਨੇ ਲਈ ਮਜਬੂਰ ਹੋਏ ਹਨ। ਪੁਲੀਸ ਵਲੋਂ ਦਿੱਤੇ ਭਰੋਸੇ ਮਗਰੋਂ ਧਰਨਾ ਸਮਾਪਤ ਹੋਇਆ। ਥਾਣਾ ਸਿਟੀ-1 ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਸਨਪਾਲ ਸਿੰਘ ਉਰਫ ਗੋਲਡੀ, ਮਨਿੰਦਰ ਸਿੰਘ ਉਰਫ਼ ਮੋਨੂੰ ਵਾਸੀਆਨ ਘੁਮਿਆਰ ਬਸਤੀ ਸੰਗਰੂਰ ਤੇ ਦੋ ਹੋਰ ਅਣਪਛਾਤਿਆਂ ਖ਼ਿਲਾਫ਼ ਜ਼ੇਰੇ ਦਫ਼ਾ 302, 34 ਆਈਪੀਸੀ, 25 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।