ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 21 ਅਗਸਤ
ਥਾਣਾ ਧਰਮਗੜ੍ਹ ਦੀ ਪੁਲੀਸ ਨੇ ਫਰਜ਼ੀ ਵਿਆਹ ਕਰਵਾ ਕੇ ਠੱਗੀਆਂ ਮਾਰਨ ਵਾਲੇ ਇੱਕ ਗਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਧਰਮਗੜ੍ਹ ਦੇ ਪੁਲੀਸ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਕਣਕਵਾਲ ਭੰਗੂਆਂ ਨੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਕੋਲ ਬਿਆਨ ਲਿਖਵਾਇਆ ਸੀ ਕਿ ਜਗਦੇਵ ਸਿੰਘ, ਪਰਮਜੀਤ ਕੌਰ ਵਾਸੀ ਮੱਤੀ (ਮਾਨਸਾ), ਮਨਦੀਪ ਕੌਰ ਵਾਸੀ ਸੋਢੀਵਾਲਾ (ਫ਼ਿਰੋਜ਼ਪੁਰ) ਤੇ ਕਾਜਲ ਨੇ ਆਪਣਾ ਗਰੋਹ ਬਣਾਇਆ ਹੋਇਆ ਹੈ ਜੋ ਫਰਜ਼ੀ ਵਿਆਹ ਕਰਵਾ ਕੇ ਲੋੜਵੰਦ ਭੋਲੇ-ਭਾਲੇ ਲੋਕਾਂ ਤੋਂ ਪੈਸੇ ਵਸੂਲਦੇ ਹਨ। ਉਸ ਨੇ ਦੋਸ਼ ਲਾਇਆ ਕਿ ਇਸ ਗਰੋਹ ਨੇ ਮੁੱਦਈ ਗੁਰਪ੍ਰੀਤ ਸਿੰਘ ਦਾ ਵਿਆਹ ਮਨਦੀਪ ਕੌਰ ਨਾਲ ਕਰਵਾ ਕੇ ਸੱਠ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਜਦਕਿ ਮਨਦੀਪ ਕੌਰ ਦਾ ਵਿਆਹ ਪਹਿਲਾਂ ਮਨਦੀਪ ਸਿੰਘ ਪੁੱਤਰ ਜੰਗ ਸਿੰਘ ਵਾਸੀ ਭੁਟਾਲ ਕਲਾਂ ਨਾਲ ਹੋਇਆ ਸੀ ਤੇ ਇਸ ਗਰੋਹ ਨੇ ਉਨ੍ਹਾਂ ਤੋਂ ਪੰਜਾਹ ਹਜ਼ਾਰ ਰੁਪਏ ਲਏ ਸਨ।
ਇਸ ਗਰੋਹ ਨੇ ਕਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁਟਾਲ ਕਲਾਂ ਨਾਲ ਪੂਜਾ ਨਾਂ ਦੀ ਲੜਕੀ ਦਾ ਵਿਆਹ ਕਰਾ ਕੇ ਸੱਤਰ ਹਜ਼ਾਰ ਰੁਪਏ ਲਏ ਸਨ। ਗੁਰਪ੍ਰੀਤ ਸਿੰਘ ਵੱਲੋਂ ਪੁਲੀਸ ਨੂੰ ਲਿਖਾਏ ਬਿਆਨ ਅਨੁਸਾਰ ਜਗਦੇਵ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨਾਲ ਕਾਜਲ ਨਾਂ ਦੀ ਲੜਕੀ ਨੂੰ ਲੈ ਕੇ ਉਸ ਦੇ ਘਰ ਆਇਆ ਸੀ ਤੇ ਕਹਿਣ ਲੱਗਾ ਇਸ ਦਾ ਵਿਆਹ ਵੀ ਸੱਠ ਹਜ਼ਾਰ ਰੁਪਏ ਲੈ ਕੇ ਕਿਸੇ ਲੋੜਵੰਦ ਨਾਲ ਕਰਵਾ ਦੇਵੇਗਾ। ਇਸ ਸਬੰਧ ਵਿੱਚ ਪੁਲੀਸ ਨੇ ਜਗਦੇਵ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ ਤੇ ਕਾਜਲ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।