ਪੱਤਰ ਪ੍ਰੇਰਕ
ਪਟਿਆਲਾ, 29 ਸਤੰਬਰ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਚ ਅੱਜ ਲੈਫ਼ਟੀਨੈਂਟ ਜਨਰਲ (ਡਾ.) ਜੇ.ਐੱਸ. ਚੀਮਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨਿਕ ਸਿਹਤ ਦਿਵਸ ਅਤੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ, ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਡਾ. ਅਦਿੱਤਿਆ ਕਿਸ਼ੋਰ ਨੇ ਵਿਦਿਆਰਥੀਆਂ ਨੂੰ ਵਾਤਾਵਰਨਿਕ ਸਿਹਤ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਸ਼ੇਸ਼ ਸਮਾਗਮ ਦੌਰਾਨ ਡਾ. ਮਨਪ੍ਰੀਤ ਮਹਿਨਾਜ਼ (ਅਸਿਸਟੈਂਟ ਪ੍ਰੋਫੈਸਰ, ਪੰਜਾਬੀ) ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਰਜਿਸਟਰਾਰ, ਕਰਨਲ ਨਵਜੀਤ ਸਿੰਘ ਸੰਧੂ, ਡਾ. ਸਨੇਹ ਲਤਾ, ਡਾ. ਸੋਨੀਆ ਸੈਣੀ, ਡਾ. ਚਾਰੂ ਸ਼ਰਮਾ, ਡਾ. ਸਨਮਾਨ ਕੌਰ ਬੈਂਸ, ਡਾ. ਹਰਜੋਤ ਕੌਰ, ਡਾ. ਮਾਧਵੀ ਤਿਵਾੜੀ ਅਤੇ ਡਾ. ਅਮਾਇਕਾ ਹਾਜ਼ਰ ਸਨ।
ਇਸੇ ਦੌਰਾਨ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਯੂਨੀਵਰਸਿਟੀ ਦ ਸੱਭਿਆਚਾਰਕ ਕਮੇਟੀ ਵੱਲੋਂ ‘ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ’ ਸਿਰਲੇਖ ਹੇਠ ਨੁੱਕੜ ਨਾਟਕ ਖੇਡਿਆ ਗਿਆ। ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਇਨ ਹਿਊਮਨ ਰਾਈਟਸ ਨੇ ‘ਸਮਕਾਲੀ ਸੰਦਰਭ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪੜਚੋਲ ਕਰਨਾ’ ਵਿਸ਼ੇ ’ਤੇ ਭਾਸ਼ਨ ਕਰਵਾਇਆ, ਜੋ ਯੂਨੀਵਰਸਿਟੀ ਆਫ਼ ਲਦਾਖ਼ ਦੇ ਵਿਜ਼ਟਿੰਗ ਪ੍ਰੋਫੈਸਰ ਡਾ. ਰੌਣਕੀ ਰਾਮ, ਸਟੇਟ ਹਾਇਰ ਐਜੂਕੇਸ਼ਨ ਕੌਂਸਲ, ਯੂਟੀ ਚੰਡੀਗੜ੍ਹ ਦੇ ਮੈਂਬਰ ਨੇ ਦਿੱਤਾ। ਇਸੇ ਤਰ੍ਹਾਂ ਨਹਿਰੂ ਯੁਵਾ ਕੇਂਦਰ ਪਟਿਆਲਾ ਸੰਗਠਨ ਯੁਵਾ ਅਤੇ ਖੇਡ ਮੰਤਰਾਲੇ ਦੇ ਯੂਥ ਕੋਆਰਡੀਨੇਟਰ ਰਮਨਾ ਕੁਮਾਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਟਿਆਲਾ ਜ਼ਿਲ੍ਹੇ ਦੇ ਲਗਭਗ 300 ਯੂਥ ਕਲੱਬਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਧੂਰੀ ਬੱਸ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ 115 ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ। ‘ਆਪ’ ਆਗੂ ਡਾ. ਅਨਵਰ ਭਸੌੜ ਨੇ ਕਿਹਾ ਕਿ ਪਹਿਲੀ ਵਾਰ ਸੂਬੇ ਵਿੱਚ ਕੋਈ ਇਮਾਨਦਾਰ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ’ਤੇ ਪਹਿਰਾ ਦਿੰਦਿਆਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਵੱਡੇ ਕਦਮ ਚੁੱਕ ਰਿਹਾ ਹੈ।
ਸੰਗਰੂਰ ਅਤੇ ਧੂਰੀ ਵਿੱਚ ਮੋਮਬੱਤੀ ਮਾਰਚ ਕੱਢਿਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬੀਤੀ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਸ਼ਹਿਰ ਦੇ ਇਤਿਹਾਸਕ ਬਨਾਸਰ ਬਾਗ ਵਿੱਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਵੀ ਕੀਤਾ ਗਿਆ। ਮੋਮਬੱਤੀ ਮਾਰਚ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਕੀਤੀ। ਉਨ੍ਹਾਂ ਨਾਲ ਐੱਸਡੀਐੱਮ ਨਵਰੀਤ ਕੌਰ ਸੇਖੋਂ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਤਹਿਸੀਲਦਾਰ ਸੰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਭਲਾਈ ਅਰੁਣ ਕੁਮਾਰ ਸਮੇਤ ਅਨੇਕਾਂ ਸ਼ਖ਼ਸੀਅਤਾਂ ਮੌਜੂਦ ਸਨ। ਇਹ ਮੋਮਬੱਤੀ ਮਾਰਚ ਕਿਲਾ ਮਾਰਕੀਟ ਤੋਂ ਸ਼ੁਰੂ ਹੋਇਆ ਜੋ ਕਿ ਇਤਿਹਾਸਕ ਬਨਾਸਰ ਬਾਗ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਇਤਿਹਾਸਕ ਬਨਾਸਰ ਬਾਗ ਨੂੰ ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਹੋਇਆ ਸੀ।
ਧੂਰੀ (ਖੇਤਰੀ ਪ੍ਰਤੀਨਿਧ): ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ) ਧੂਰੀ ਵੱਲੋਂ ਸੰਸਥਾ ਦੇ ਆਗੂ ਬਿਕਰਮਜੀਤ ਸਿੰਘ ਤੇ ਕਰਨਦੀਪ ਸਿੰਘ ਚੈਰੀ ਦੀ ਅਗਵਾਈ ਹੇਠ ਬੀਤੀ ਰਾਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮੋਮਬੱਤੀ ਮਾਰਚ ਮਿਉਂਸਿਪਲ ਕਮੇਟੀ ਪਾਰਕ ਧੂਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਨਗਰ ਕੌਂਸਲ ਪਾਰਕ ’ਚ ਪੁੱਜਾ, ਜਿੱਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਮੋਮਬਤੀਆਂ ਰੱਖੀਆਂ ਗਈਆਂ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ ਅਤੇ ਬਹਾਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੇ ਜੀਵਨ ਤੇ ਸੰਘਰਸ਼ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਜਗਰੂਪ ਸਿੰਘ ਬੱਬੂ, ਰਾਜੂ ਰਿਸ਼ੀ, ਅਮਨਦੀਪ ਕੌਰ ਬਾਠ, ਗੁਰਦਰਸ਼ਨ ਸਿੰਘ ਡਿੰਪੀ, ਰਾਜੂ, ਅਮਰਜੀਤ ਕੌਰ, ਸੁਖਦੇਵ ਸ਼ਰਮਾ, ਰਣਜੀਤ ਸਿੰਘ, ਹਰਦੀਪ ਸਿੰਘ ਹੀਪਾ, ਗੁਰਤੇਜ ਸਿੰਘ ਤੇਜੀ ਤੇ ਡਾ. ਮਨੋਜ ਸ਼ਰਮਾ ਹਾਜ਼ਰ ਸਨ।