ਹਰਦੀਪ ਸਿੰਘ ਸੋਢੀ
ਧੂਰੀ, 8 ਮਈ
ਮਾਲੇਰਕੋਟਲਾ-ਸੰਗਰੂਰ ਰਾਜ ਮਾਰਗ ਦਾ ਸਥਾਨਕ ਸ਼ਹਿਰ ਅੰਦਰ ਮਾਲੇਰਕੋਟਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਚਾਰ ਮਾਰਗੀ ਕਰਨ ਦਾ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਕੰਮ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸੜਕ ਨੂੰ ਚਾਰਮਾਰਗੀ ਕਰਕੇ ਸੁੰਦਰੀਕਰਨ ਕਰਨ ’ਤੇ ਕਰੀਬ 4 ਕਰੋੜ 67 ਲੱਖ ਰੁਪਏ ਖਰਚ ਆਉਣੇ ਹਨ ਅਤੇ ਕੰਮ ਦੀ ਅਲਾਟਮੈਂਟ ਮੁਤਾਬਿਕ ਇਹ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਣਾ ਸੀ ਪਰ ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਕੰਮ ਦੀ ਰਫਤਾਰ ਹੌਲੀ ਹੋ ਗਈ ਹੈ ਭਾਵੇਂ ਧੂਰੀ ਹਲਕੇ ਦੀ ਨੁਮਾਇੰਦਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਤੌਰ ਵਿਧਾਇਕ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਆਵਾਜਾਈ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਚਹੁੰਮਾਰਗ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਸੁਸਤ ਰਫ਼ਤਾਰ ਚੱਲ ਰਹੇ ਇਸ ਕੰਮ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕ ਨਿਰਮਾਣ ਵਿਭਾਗ ਦੇ ਜੇ.ਈ ਬਲਰਾਜ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਣਕ ਦਾ ਸੀਜ਼ਨ ਹੋਣ ਕਾਰਨ ਲੇਬਰ ਦੀ ਸਮੱਸਿਆ ਹੋਣ ਨਾਲ ਕੰਮ ਵਿੱਚ ਰੁਕਾਵਟ ਆਈ ਹੈ, ਪਰ ਹੁਣ ਕੰਮ ਨਿਰਵਿਘਨ ਚੱਲ ਰਿਹਾ ਹੈ।