ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਅਪਰੈਲ
ਪਾਵਰਕੌਮ ਦੇ ਸਥਾਨਕ ਰੇਲਵੇ ਰੋਡ ਸਥਿਤ ਗਰਿੱਡ ਦੇ ਸਟੋਰ ’ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਸਟੋਰ ’ਚ ਪਏ ਨਵੇਂ ਟਰਾਂਸਫਾਰਮਰ ਸੜਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਸਹੀ ਪਤਾ ਨਹੀਂ ਲੱਗ ਸਕਿਆ। ਸਥਾਨਕ ਨਗਰ ਕੌਂਸਲ ਅਤੇ ਸਥਾਨਕ ਅਰਿਹੰਤ ਸਪਿਨਿੰਗ ਮਿੱਲ ਦੀਆਂ ਅੱਗ ਬੁਝਾਊ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਪਤਾ ਲੱਗਦਿਆਂ ਹੀ ਐਸਡੀਓ ਹਰਿੰਦਰ ਸਿੰਘ ਸੋਹੀ, ਮਾਲੇਰਕੋਟਲਾ ਦਿਹਾਤੀ ਦੇ ਐਸਡੀਓ ਅਬਦੁੱਲ ਸੱਤਾਰ ਬਿੰਜੋਕੀ ਅਤੇ ਜੇਈ ਨਿਰਮਲ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ। ਪਾਵਰਕੌਮ ਅਧਿਕਾਰੀਆਂ ਅਨੁਸਾਰ ਸਟੋਰ ਅੰਦਰ ਪਏ 40 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਕਰੀਬ 35 ਨਵੇਂ ਟਰਾਂਸਫਾਰਮਰ ਸੜ ਗਏ। ਸਟੋਰ ਇੰਚਾਰਜ ਅਧਿਕਾਰੀ ਹਰਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਸਟੋਰ ’ਚ 24 ਘੰਟੇ ਸ਼ਿਫਟਾਂ ’ਚ ਚੌਕੀਦਾਰ ਤਾਇਨਾਤ ਰਹਿੰਦੇ ਹਨ ਅੱਜ ਛੁੱਟੀ ਦਾ ਦਿਨ ਹੋਣ ਕਾਰਨ ਡਿਉੂਟੀ ’ਤੇ ਤਾਇਨਾਤ ਸਕਿਓਰਿਟੀ ਗਾਰਡ ਵੱਲੋਂ ਸਟੋਰ ਦੇ ਮੁੱਖ ਗੇਟ ਨੂੰ ਜਿੰਦਾ ਲਗਾਇਆ ਹੋਇਆ ਸੀ। ਦੁਪਹਿਰ ਸਮੇਂ ਜਦੋਂ ਉਸ ਨੇ ਸਟੋਰ ਅੰਦਰ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗੀ ਦੇਖੀ ਤਾਂ ਉਸ ਨੇ ਪਹਿਲਾਂ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ, ਪ੍ਰੰਤੂ ਅੱਗ ਟਰਾਂਸਫਾਰਮਰਾਂ ਦੇ ਤੇਲ ਕਾਰਨ ਭੜਕ ਉੱਠੀ ਜਿਸ ਨਾਲ ਟਰਾਂਸਫਾਰਮਰ ਅੱਗ ਦੀ ਲਪੇਟ ’ਚ ਆ ਗਏ। ਅੱਗ ਲੱਗਣ ਕਾਰਨ ਸਟੋਰ ਨੇੜੇ ਖੜ੍ਹੇ ਦਰੱਖ਼ਤ ਵੀ ਝੁਲਸ ਗਏ। ਜੇਕਰ ਅੱਗ ਗਰਿੱਡ ਵਾਲੇ ਪਾਸੇ ਨੂੰ ਫੈਲ ਜਾਂਦੀ ਤਾਂ ਬਿਜਲੀ ਸਪਲਾਈ ਦੀ ਵੱਡੀ ਸਮੱਸਿਆ ਪੈਦਾ ਹੋਣ ਦੇ ਨਾਲ-ਨਾਲ ਪਾਵਰਕੌਮ ਦੇ ਦਫ਼ਤਰ ਦਾ ਵੀ ਨੁਕਸਾਨ ਹੋ ਸਕਦਾ ਸੀ।