ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਗਸਤ
ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨਸ਼ਿਆਂ ਦੀ ਗੁਲਾਮੀ ’ਚ ਜਕੜੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸਥਾਨਕ ਨਸ਼ਾ ਛੁਡਾਊ ਕੇਂਦਰ ’ਚੋਂ ਨਸ਼ਾ ਮੁਕਤ ਹੋ ਕੇ ਘਰ ਪਰਤੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਜਿੱਥੇ ਕੇਂਦਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਉੱਥੇ ਨਸ਼ਾ ਛੁਡਾਊ ਕੇਂਦਰ ਦੀ ਧਰਤੀ ਨੂੰ ਚੁੰਮਦਿਆਂ ਸਿਜਦਾ ਕਰ ਕੇ ਖੁਸ਼ੀ-ਖੁਸ਼ੀ ਆਪਣੇ ਘਰ ਲਈ ਵਿਦਾ ਹੋਇਆ। ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਅਤੇ ਸਮੁੱਚੇ ਸਟਾਫ਼ ਵੱਲੋਂ ਨੌਜਵਾਨ ਨੂੰ ਨਸ਼ਾ ਮੁਕਤ ਹੋਣ ਉਪਰੰਤ ਸਨਮਾਨਿਤ ਕਰ ਕੇ ਘਰ ਭੇਜਿਆ ਗਿਆ ਹੈ। ਡਾਇਰੈਕਟਰ ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਇਹ ਨੌਜਵਾਨ ਭਾਰੀ ਮਾਤਰਾ ਵਿੱਚ ਚਿੱਟੇ ਨਸ਼ੇ ਦੀ ਵਰਤੋਂ ਕਰਦਾ ਸੀ ਜੋ ਇਲਾਜ ਲਈ ਕੇਂਦਰ ਵਿੱਚ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਨਸ਼ਾ ਮੁਕਤ ਹੋਣ ਦੀ ਇੱਛਾ ਅਤੇ ਕੇਂਦਰ ਦੇ ਸਟਾਫ਼ ਦੀ ਮਿਹਨਤ ਸਦਕਾ ਇਸਨੂੰ ਨਸ਼ਿਆਂ ਦੀ ਗੁਲਾਮੀ ਤੋਂ ਮੁਕਤੀ ਮਿਲੀ ਹੈ। ਨੌਜਵਾਨ ਨੇ ਦੱਸਿਆ ਕਿ ਇਸ ਸੰਸਥਾ ਨੇ ਉਸਨੂੰ ਨਵੀਂ ਜਿੰਦਗੀ ਬਖ਼ਸ਼ੀ ਹੈ ਜਿਸ ਲਈ ਉਹ ਨਸ਼ਾ ਛੁਡਾਉੂ ਕੇਂਦਰ ਦੇ ਸਮੁੱਚੇ ਸਟਾਫ਼ ਦਾ ਹਮੇਸ਼ਾ ਰਿਣੀ ਰਹੇਗਾ। ਇਸ ਸਮੇਂ ਨੌਜਵਾਨ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਵਿੱਚ ਪਰਮਜੀਤ ਸਿੰਘ, ਨਾਇਬ ਸਿੰਘ ਤੇ ਨੀਰੂ ਬਾਲਾ ਆਦਿ ਸ਼ਾਮਲ ਸਨ।