ਖੇਤਰੀ ਪ੍ਰਤੀਨਿਧ
ਧੂਰੀ, 11 ਮਈ
ਅਗਾਮੀ ਬਜਟ ਵਿਚ ਵਪਾਰੀਆਂ ਨੂੰ ਵੱਡੀ ਰਾਹਤ ਦਿਵਾਉਣ ਦੇ ਮਕਸਦ ਨਾਲ ਵਪਾਰੀਆਂ ਦਾ ਵਫਦ ਰਿਟੇਲ ਕਰਿਆਨਾ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗੁਪਤਾ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਪ੍ਰਮੋਦ ਗੁਪਤਾ ਨੇ ਦੱਸਿਆ ਕਿ ਵਿੱਤ ਮੰਤਰੀ ਨੂੰ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਪਾਰੀ ਰਾਹਤ ਫੰਡ ਵੀ ਤੈਅ ਕੀਤਾ ਜਾਵੇੇ। ਉਨ੍ਹਾਂ ਦੱਸਿਆ ਕਿ ਵਪਾਰ ਨੂੰ ਪ੍ਰਫੁੱਲਤ ਕਰਨ ਅਤੇ ਮਹਿੰਗਾਈ ਨੂੰ ਰੋਕਣ ਲਈ ਪੈਟਰੋਲ ਤੇ ਡੀਜ਼ਲ ਤੋਂ 10 ਫੀਸਦੀ ਜੀ.ਐਸ.ਟੀ ਪੰਜਾਬ ਸਰਕਾਰ ਵੱਲੋਂ ਘੱਟ ਕਰਨ, ਫੂਡ ਸੇਫਟੀ ਲਾਇਸੈਂਸ ਦੀ ਸਾਲਾਨਾ ਫੀਸ ਦੀ ਬਜਾਏ ਲਾਈਫ ਟਾਈਮ ਲਾਈਸੈਂਸ ਮੁਹੱਈਆ ਕਰਵਾਉਣ, ਪਿਛਲੀ ਸਰਕਾਰ ਵੱਲੋਂ ਵਪਾਰੀਆਂ ’ਤੇ ਲਗਾਏ ਪ੍ਰੋਫੈਸ਼ਨਲ ਟੈਕਸ ਨੂੰ ਖਤਮ ਕਰਨ, ਸੀ.ਐਲ.ਯੂ ਲਈ ਕਾਗਜ਼ੀ ਕਾਰਵਾਈ ਨੂੰ ਸੁਖਾਲਾ ਕਰਨ ਤੇ ਫੀਸ ਘੱਟ ਕਰਨ, ਹਰੇਕ ਵਪਾਰੀ ਨੂੰ ਇਕ ਦੁਕਾਨ ’ਤੇ ਮਕਾਨ ਲਈ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਤੇ ਰਜਿਸਟਰੀ ਫੀਸ ਨੂੰ ਘੱਟ ਕਰਨ, ਕਰਿਆਣਾ ਟਰੇਡ ਬੋਰਡ ਬਣਾਉਣ ਅਤੇ ਸੀਨੀਅਰ ਸਿਟੀਜ਼ਨ ਵਪਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਨ ਸਮੇਤ ਹੋਰ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਮੰਗਾਂ ਨੂੰ ਗੌਰ ਨਾਲ ਸੁਣਿਆ ਗਿਆ ਅਤੇ ਭਰੋਸਾ ਦਿਵਾਇਆ ਗਿਆ ਵਪਾਰੀਆਂ ਦੀ ਹਰੇਕ ਮੁਸ਼ਕਲ ਨੂੰ ਹੱਲ ਕੀਤਾ ਜਾਵੇਗਾ।