ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਗਸਤ
ਵੱਖ-ਵੱਖ ਅਧਿਆਪਕ ਜਥੇਬੰਦੀਆਂ ਦਾ ਜ਼ਿਲ੍ਹਾ ਪੱਧਰੀ ਵਫ਼ਦ ਅੱਜ ਜ਼ਿਲ੍ਹਾ ਚੋਣ ਤਹਿਸੀਲਦਾਰ ਨੂੰ ਮਿਲਿਆ। ਇਸ ਦੌਰਾਨ ਵਫ਼ਦ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਗਰਮੀ ਦੀਆਂ ਛੁੱਟੀਆਂ ’ਚ ਦਿੱਤੀ ਚੋਣ ਡਿਊਟੀ ਦੇ ਇਵਜ਼ ਵਜੋਂ ਸੇਵਾ ਨਿਯਮਾਂ ਅਨੁਸਾਰ ਕਮਾਈ ਛੁੱਟੀ ਦੇਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਅਧਿਆਪਕਾਂ ਵਲੋਂ ਨਿਭਾਈਆਂ ਵੱਖ-ਵੱਖ ਚੋਣ ਡਿਊਟੀਆਂ ਦਾ ਬਕਾਇਆ ਮਿਹਨਤਾਨਾ ਤੁਰੰਤ ਜਾਰੀ ਕੀਤਾ ਜਾਵੇ। ਵਫ਼ਦ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ, ਗੌਰਮਿੰਟ ਲੈਕਚਰਾਰ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਬੀ.ਐੱਲ.ਓ. ਯੂਨੀਅਨ ਦੇ ਆਗੂ ਸ਼ਾਮਲ ਸਨ। ਜਥੇਬੰਦੀਆਂ ਦੇ ਆਗੂਆਂ ਬਲਬੀਰ ਲੌਂਗੋਵਾਲ, ਜਸਪਾਲ ਵਾਲੀਆ, ਅਵਤਾਰ ਭਲਵਾਨ, ਜਗਦੀਸ਼ ਸ਼ਰਮਾ ਅਤੇ ਪਰਵਿੰਦਰ ਉਭਾਵਾਲ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ ਨੂੰ ਮੰਗਾਂ ਸਬੰਧੀ ਇਕ ਪੱਤਰ ਵੀ ਸੌਂਪਿਆ ਹੈ, ਜਿਸ ’ਤੇ ਜ਼ਿਲ੍ਹਾ ਚੋਣ ਤਹਿਸੀਲਦਾਰ ਨੇ ਕਿਹਾ ਕਿ ਕਮਾਈ ਛੁੱਟੀ ਸਬੰਧੀ ਹਿਦਾਇਤਾਂ ਜਾਰੀ ਕਰਨ ਦੀ ਮੰਗ ਕਾਰਵਾਈ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਭੇਜੀ ਜਾਵੇਗੀ।