ਪਵਨ ਕੁਮਾਰ ਵਰਮਾ
ਧੂਰੀ, 4 ਫਰਵਰੀ
ਇੱਥੇ ਖੰਡ ਮਿੱਲ ਤੋਂ ਵੇਚੇ ਗਏ ਕਰੋੜਾਂ ਰੁਪਏ ਦੇ ਗੰਨੇ ਦੀ ਅਦਾਇਗੀ ਦੀ ਮੰਗ ਲਈ ਲੰਘੇ ਕੱਲ੍ਹ ਕਿਸਾਨਾਂ ਦੇ ਵਫ਼ਦ ਪ੍ਰਧਾਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਮੁੜ ‘ਆਪ’ ਉਮੀਦਵਾਰ ਭਗਵੰਤ ਮਾਨ ਨੂੰ ਮਿਲਿਆ ਅਤੇ ਬਣਦੀ ਅਦਾਇਗੀ ਕਰਵਾਉਣ ਤੇ ਗੰਨੇ ਦਾ ਸਰਕਾਰੀ ਰੇਟ ਮੁਤਾਬਿਕ ਅਦਾਇਗੀ ਦੀ ਮੰਗ ਕੀਤੀ।
ਹਰਜੀਤ ਸਿੰਘ ਬੁਗਰਾ ਨੇ ਦੱਸਿਆ ਕਿ ਸਾਲ 2021-22 ਵਿੱਚ ਗੰਨੇ ਦਾ ਸਰਕਾਰੀ ਰੇਟ 360 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਸੀ, ਇਸ ਵਿੱਚੋਂ 325 ਰੁਪਏ ਪ੍ਰਤੀ ਕੁਇੰਟਲ ਸ਼ੂਗਰ ਮਿੱਲ ਵੱਲੋਂ ਅਦਾ ਕਰਨੇ ਸਨ ਅਤੇ 35 ਰੁਪਏ ਪ੍ਰਤੀ ਕੁਇੰਟਲ ਸਰਕਾਰ ਨੇ ਆਪਣੇ ਖਾਤੇ ਵਿੱਚੋਂ ਅਦਾ ਕਰਨੇ ਸਨ। ਹੁਣ ਖੰਡ ਮਿੱਲ ਧੂਰੀ ਵੱਲੋਂ 325 ਰੁਪਏ ਪ੍ਰਤੀ ਕੁਇੰਟਲ ਦੇ ਮੁਤਾਬਕ ਹੀ ਅਦਾਇਗੀ ਕੀਤੀ ਜਾ ਰਹੀ ਹੈ ਜਦਕਿ ਬੁਢੇਵਾਲ ਖੰਡ ਮਿੱਲ ਵੱਲੋਂ 360 ਰੁਪਏ ਪ੍ਰਤੀ ਕੁਇੰਟਲ ਦੇ ਮੁਤਾਬਕ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਮੁੱਖ ਦਫ਼ਤਰਾਂ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਸਿਆਸੀ ਪਾਰਟੀਆਂ ਨੇ ਪਹਿਲ ਦੇ ਅਧਾਰ ’ਤੇ ਵਿਚਾਰਦਿਆਂ ਹਮਦਰਦੀ ਨਾਲ ਹੱਲ ਨਾ ਕਰਵਾਇਆ ਤਾਂ ਉਮੀਦਵਾਰਾਂ ਨੂੰ ਹਲਕੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ 35 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਬੁੱਢੇਵਾਲ ਖੰਡ ਮਿੱਲ ਦੀ ਤਰਜ਼ ’ਤੇ ਖੰਡ ਮਿੱਲ ਧੂਰੀ ਤੋਂ ਵੀ ਕਰਵਾਈ ਜਾਵੇ।