ਲਹਿਰਾਗਾਗਾ: ਇੱਥੇ ਪ੍ਰਾਪਰਟੀ ਡੀਲਰ ਸਲਾਹਕਾਰ ਯੂਨੀਅਨ ਲਹਿਰਾਗਾਗਾ ਦੇ ਪ੍ਰਧਾਨ ਕੌਰ ਸਿੰਘ ਸਮਰਾਓ, ਮੀਤ ਪ੍ਰਧਾਨ ਹਰਭਜਨ ਸਿੰਘ ਸਿੱਧੂ, ਜੀਵਨ ਕੁਮਾਰ ਕਾਲਾ ਹਰਿਆਊ ਵਾਲੇ, ਪ੍ਰਸ਼ੋਤਮ ਦਾਸ ਗੋਇਲ ਤੇ ਕੌਂਸਲਰ ਕ੍ਰਿਪਾਲ ਸਿੰਘ ਨਾਥਾ ਆਦਿ ਨੇ ਵਿਧਾਇਕ ਬਰਿੰਦਰ ਗੋਇਲ ਨੂੰ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਤਹਿਸੀਲ ਵਿੱਚ ਆਨਲਾਈਨ ਅਸ਼ਟਾਮਾਂ ਕਰ ਕੇ ਭਾਰੀ ਦਿੱਕਤ ਪੇਸ਼ ਆ ਰਹੀ ਹੈ ਤੇ ਛੋਟੇ ਅਸ਼ਟਾਮ ਵੀ ਨਹੀਂ ਮਿਲ ਰਹੇ। ਸ਼ਹਿਰ ਦੀਆਂ ਕਾਲੋਨੀਆਂ ਦੀ ਐੱਨਓਸੀ ਜਾਰੀ ਨਹੀਂ ਹੁੰਦੀ ਜਿਸ ਕਾਰਨ ਰਜਿਸਟਰੀਆਂ ’ਚ ਖੜ੍ਹੋਤ ਆ ਰਹੀ ਹੈ। ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਪ੍ਰਾਪਰਟੀ ਸਲਾਹਕਾਰਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਹਲਕੇ ਦੇ ਪ੍ਰਾਪਰਟੀ ਸਲਾਹਕਾਰਾਂ ਤੇ ਡੀਲਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਾਰਜਸਾਧਕ ਅਫਸਰ ਅਤੇ ਤਹਿਸੀਲਦਾਰ ਨੂੰ ਤੁਰੰਤ ਇਨ੍ਹਾਂ ਮਸਲਿਆਂ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ। -ਪੱਤਰ ਪ੍ਰੇਰਕ