ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਮਈ
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦਾ ਵਫ਼ਦ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਵਫਦ ਵੱਲੋਂ ਵਿੱਤ ਮੰਤਰੀ ਪੰਜਾਬ ਨੂੰ ਮੰਗਾਂ ਸਬੰਧੀ ਪੱਤਰ ਵੀ ਸੌਂਪਿਆ ਗਿਆ। ਸਥਾਨਕ ਰੈਸਟ ਹਾਊਸ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਪਿਛਲੀ ਸਰਕਾਰ ਨੇ ਪੈਨਸ਼ਨਰਾਂ ਨੂੰ ਪੇਅ ਕਮਿਸ਼ਨ ਦੀ ਸਿਫਾਰਿਸ਼ ਤੋਂ ਵੀ ਘੱਟ ਵਾਧਾ ਦਿੱਤਾ ਹੈ ਅਤੇ ਪੈਨਸ਼ਨਰਾਂ ਨਾਲ ਬੇਇਨਸਾਫ਼ੀ ਹੋਈ ਹੈ ਜਿਸ ਕਾਰਨ ਪੈਨਸ਼ਨਰਾਂ ’ਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਇਹ ਵਾਧਾ 2.59 ਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ, ਡੀਏ ਦਾ ਬਕਾਇਆ ਅਤੇ ਵਧੀ ਹੋਈ ਪੈਨਸ਼ਨ ਦਾ ਬਕਾਇਆ 1-1-2016 ਤੋਂ ਪੈਨਸ਼ਨਰਾਂ ਨੂੰ ਸਾਰਾ ਯਕਮੁਸ਼ਤ ਦਿੱਤਾ ਜਾਵੇ ਅਤੇ ਵਾਧੇ ਅਨੁਸਾਰ ਬਣਦਾ ਏਰੀਅਰ ਉਨ੍ਹਾਂ ਦੇ ਖਾਤੇ ਵਿੱਚ ਪਾਇਆ ਜਾਵੇ। ਵਿੱਤ ਮੰਤਰੀ ਚੀਮਾ ਨੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਸੱਜਣ ਸਿੰਘ ਪੂਨੀਆ, ਲਾਭ ਸਿੰਘ, ਸੱਤ ਪਾਲ ਸਿੰਗਲਾ, ਮੱਘਰ ਸਿੰਘ ਸੋਹੀ, ਗੁਰਦੇਵ ਸਿੰਘ ਭੁੱਲਰ, ਭਜਨ ਸਿੰਘ, ਬਾਬਾ ਹਰਦਿਆਲ ਸਿੰਘ, ਗੁਰਦੀਪ ਸਿੰਘ ਮੰਗਵਾਲ ਆਦਿ ਹਾਜ਼ਰ ਸਨ।
ਭਾਈਚਾਰਕ ਤਾਲਮੇਲ ਮੰਚ ਦਾ ਵਫ਼ਦ ਚੀਮਾ ਨੂੰ ਮਿਲਿਆ
ਸੰਗਰੂਰ (ਪੱਤਰ ਪ੍ਰੇਰਕ): ਭਾਈਚਾਰਕ ਤਾਲਮੇਲ ਮੰਚ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਕਾਲੀਆ ਦੀ ਅਗਵਾਈ ਹੇਠ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸਹਾਇਕ ਲੀਗਲ ਅਫ਼ਸਰਾਂ ਦੀਆਂ 112 ਅਸਾਮੀਆਂ ਭਰਨ ਵਾਸਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ, ਇਨ੍ਹਾਂ ਅਸਾਮੀਆਂ ਵਿੱਚ ਐਸ.ਸੀ/ਓ.ਬੀ.ਸੀ ਦੀ ਆਸਾਮੀ ਵਾਸਤੇ ਰਾਖਵਾਂਕਰਨ ਸਬੰਧੀ ਵੇਰਵਾ ਨਹੀਂ ਦਿੱਤਾ ਗਿਆ, ਜਦੋਂ ਕਿ ਸਰਕਾਰੀ ਨਿਯਮਾਂ ਅਨੁਸਾਰ ਐੱਸਸੀ ਵਰਗ ਵਾਸਤੇ 25 ਫ਼ੀਸਦੀ ਅਤੇ ਓ.ਬੀ.ਸੀ. ਵਰਗ ਵਾਸਤੇ 27 ਫ਼ੀਸਦੀ ਅਸਾਮੀਆਂ ਰਾਖਵੀਆਂ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਮਹਿਕਮੇ ਵੱਲੋਂ ਰਾਖਵਾਂਕਰਨ ਦਾ ਵੇਰਵਾ ਨਾ ਦੇ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ| ਮੰਤਰੀ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਨੌਕਰੀਆਂ ਵਾਸਤੇ ਅਰਜ਼ੀਆਂ ਲੈਣ ਸਮੇਂ ਪੰਜਾਬ ਸਰਕਾਰ ਵੱਲੋਂ ਹਰ ਇਕ ਵਰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ|