ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ,12 ਸਤੰਬਰ
ਇੱਥੇ ਅੱਜ ਈਜੀਐਸ, ਏਆਈਈ, ਐਸਟੀਆਰ ਅਧਿਆਪਕ ਯੂਨੀਅਨ ਪੰਜਾਬ ਦਾ ਵਫ਼ਦ ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਆਪਣੀਆਂ ਸਮੱਸਿਆਵਾਂ ਸਬੰਧੀ ਵਿੱਤ ਮੰਤਰੀ ਨੂੰ ਮੰਗ ਪੱਤਰ ਵੀ ਿਦੱਤਾ। ਇਸ ਵਿੱਚ ਸੁਖਚੈਨ ਸਿੰਘ ਗੁਰਨੇ, ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਮੱਲ ਸਿੰਘ ਵਾਲਾ ਤੇ ਸੂਬਾ ਕਮੇਟੀ ਮੈਂਬਰ ਹਰਮਨ ਸਿੰਘ ਝਾੜੋਂ ਸ਼ਾਮਲ ਸਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਈਜੀਐਸ ਅਧਿਆਪਕ ਬਹੁਤ ਘੱਟ ਤਨਖਾਹ ’ਤੇ ਸੇਵਾ ਨਿਭਾਉਂਦੇ ਆ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਹਮੇਸ਼ਾ ਹੀ ਸੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਹੈ, ਉਸ ਵਿੱਚ ਉਨ੍ਹਾਂ ਦੇ ਕੁੱਝ ਸਾਥੀਆਂ ਨੂੰ ਵਾਂਝੇ ਰੱਖ ਕੇ ਵਾਅਦਾ ਖ਼ਿਲਾਫੀ ਕੀਤੀ ਗਈ। ਇਸ ਕਰਕੇ ਉਹ ਮਾਨਸਿਕ ਤਣਾਅ ਵਿੱਚੋਂ ਦੀ ਗੁਜ਼ਰ ਰਹੇ ਹਾਂ ਕਿਉਂਕਿ ਪਰਿਵਾਰਾਂ ਦਾ ਗੁਜ਼ਾਰਾ ਕਰਨ ਮੁਸ਼ਕਲ ਹੈ।
ਉਨ੍ਹਾਂ ਕਿਹਾ ਕਿ ਇੰਨੀ ਘੱਟ ਤਨਖਾ਼ਹ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਤ ਮੰਤਰੀ ਕੋਲ ਮੰਗ ਰੱਖੀ ਕਿ ਜਿਹੜੇ 6400 ਦੇ ਕਰੀਬ ਕੱਚੇ ਅਧਿਆਪਕ ਰਹਿ ਗਏ ਹਨ ਉਨ੍ਹਾਂ ਨੂੰ ਵੀ ਪੱਕੇ ਕੀਤਾ ਜਾਵੇ। ਇਸ ਸਬੰਧੀ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਬਹੁਤ ਜਲਦੀ ਰਹਿੰਦੇ ਕੱਚੇ ਅਧਿਆਪਕਾਂ ਨੂੰ ਵੀ ਪਾਲਿਸੀ ਵਿੱਚ ਲਿਆ ਕੇ ਰੈਗੂਲਰ ਕਰ ਰਹੀ ਹੈ।