ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਇੱਥੇ ਅੱਜ ਬ੍ਰਾਹਮਣ ਸਮਾਜ ਅਤੇ ਬਜਰੰਗ ਦਲ ਹਿੰਦੋਸਤਾਨ ਦਾ ਇੱਕ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਵਫ਼ਦ ਨੇ ਐੱਸਐੱਸਪੀ ਨੂੰ ਲੱਖਾ ਸਿਧਾਣਾ ਖ਼ਿਲਾਫ਼ ਇੱਕ ਸ਼ਿਕਾਇਤ ਸੌਂਪਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਬ੍ਰਾਹਮਣ ਸਮਾਜ ਦੇ ਸਰਪ੍ਰਸਤ ਅਤੇ ਬਜਰੰਗ ਦਲ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਦੋਸ਼ ਲਾਇਆ ਕਿ ਲੱਖਾ ਸਿਧਾਣਾ ਨੇ ਬ੍ਰਾਹਮਣ ਸਮਾਜ ਅਤੇ ਹਿੰਦੂ ਧਾਰਮਿਕ ਗ੍ਰੰਥ ਤੁਲਸੀ ਰਾਮਾਇਣ ਦਾ ਅਪਮਾਨ ਕੀਤਾ ਹੈ ਜਿਸ ਕਾਰਨ ਬ੍ਰਾਹਮਣ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅੱਜ ਬ੍ਰਾਹਮਣ ਸਮਾਜ ਅਤੇ ਬਜਰੰਗ ਦਲ ਹਿੰਦੋਸਤਾਨ ਦੇ ਵਫਦ ਨੇ ਐੱਸਐੱਸਪੀ ਨੂੰ ਸ਼ਿਕਾਇਤ ਸੌਂਪਦਿਆਂ ਲੱਖਾ ਸਿਧਾਣਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕਰਨ ਅਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਡਾ. ਆਰ.ਕੇ. ਲੋਮਸ਼ ਅਤੇ ਮੱਖਣ ਸ਼ਰਮਾ ਨੇ ਕਿਹਾ ਕਿ ਜੇਕਰ ਲੱਖਾ ਸਿਧਾਣਾ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਬ੍ਰਾਹਮਣ ਸਮਾਜ ਆਵਾਜ਼ ਬੁਲੰਦ ਕਰੇਗਾ।