ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ, 1 ਫਰਵਰੀ
ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿੰਡਾਂ ’ਚੋ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਦੇ ਕਾਫ਼ਲੇ ਬੁਲੰਦ ਹੌਂਸਲੇ ਨਾਲ ਦਿੱਲੀ ਰਵਾਨਾ ਹੋ ਰਹੇ ਹਨ। 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਭਰ ਤੋਂ ਸੈਂਕੜੇ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ ਤੇ ਹੋਰ ਵਾਹਨਾਂ ਦਾ ਕਾਫ਼ਲਾ ਅੱਜ ਖਨੌਰੀ ਬਾਰਡਰ ਰਾਹੀਂ ਦਿੱਲੀ ਰਵਾਨਾ ਹੋਇਆ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰੰਘ ਮੰਗਵਾਲ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਭਰ ਦੇ ਵੱਖ-ਵੱਖ ਪਿੰਡਾਂ ’ਚੋ ਕਰੀਬ 200 ਤੋਂ ਵੱਧ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਦਾ ਕਾਫ਼ਲਾ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ ਹੈ ਅਤੇ ਅਗਲੇ ਦਿਨਾਂ ’ਚ ਵੀ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਕਿਸਾਨਾਂ ਦੇ ਕਾਫ਼ਲਿਆਂ ਦਾ ਦਿੱਲੀ ਕੂਚ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ’ਤੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਇਕੱਠ ਕਰ ਕੇ ਦਿੱਲੀ ਜਾਣ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਪਿੰਡਾਂ ਵਿਚ ਮਤੇ ਪਾਸ ਕੀਤੇ ਜਾ ਰਹੇ ਹਨ ਕਿ ਘਰ-ਘਰ ਦਾ ਬੰਦਾ ਇੱਕ ਹਫ਼ਤੇ ਲਈ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਵੇਗਾ ਅਤੇ ਇਹ ਸਿਲਸਲਾ ਲਗਾਤਾਰ ਲੜੀਵਾਰ ਚਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ’ਚ ਕਿਸਾਨ ਅੰਦੋਲਨ ਲਈ ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਵਿਚ ਪਹਿਲਾਂ ਨਾਲੋਂ ਵੀ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ 26 ਜਨਵਰੀ ਦੀਆਂ ਵਾਪਰੀਆਂ ਘਟਨਾਵਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨ ਦੇ ਰਾਹ ਪਈ ਹੈ ਪਰ ਕਿਸਾਨ ਅੰਦੋਲਨ ਪੂਰੇ ਦੇਸ਼ ਵਿਚ ਇੱਕ ਜਨ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਣਾ ਪਵੇਗਾ।