ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਜੁਆਇੰਟ ਐਕਸ਼ਨ ਕਮੇਟੀ ਲਾਈਫ਼ ਇੰਸੋਰੈਂਸ ਏਜੰਟ ਫੈੱਡਰੇਸ਼ਨ ਆਫ਼ ਇੰਡੀਆ ਵੱਲੋ ਏਜੰਟਾਂ ਅਤੇ ਬੀਮਾ ਧਾਰਕਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਐੱਲ.ਆਈ.ਸੀ. ਦੇ ਏਜੰਟਾਂ ਵੱਲੋਂ ਮੁਕੰਮਲ ਕਲਮਛੋੜ ਹੜਤਾਲ ਕਰ ਕੇ ਇੱਥੇ ਐੱਲ.ਆਈ.ਸੀ. ਬਰਾਂਚ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਏਜੰਟਾਂ ਨੇ ਐੱਲ.ਆਈ.ਸੀ. ਮੈਨੇਜਮੈਂਟ ’ਤੇ ਏਜੰਟਾਂ ਅਤੇ ਬੀਮਾਧਾਰਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਅਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਜਾਣਕਾਰੀ ਮੁਤਾਬਕ ਅੱਜ ਲਾਈਫ਼ ਇੰਸ਼ੋਰੈਂਸ ਕੰਪਨੀ ਦੇ ਏਜੰਟਾਂ ਵੱਲੋਂ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਮੈਨੇਜਮੈਂਟ ਖ਼ਿਲਾਫ਼ ਬਰਾਂਚ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਐੱਲ.ਆਈ.ਸੀ. ਏਜੰਟ ਯੂਨੀਅਨ ਦੇ ਬਰਾਂਚ ਪ੍ਰਧਾਨ ਦੀਪਕ ਪਾਲ ਨੇ ਕਿਹਾ ਕਿ ਏਜੰਟਾਂ ਅਤੇ ਬੀਮਾ ਧਾਰਕਾਂ ਦੀਆਂ ਮੰਗਾਂ ਦੇ ਹੱਲ ਲਈ ਅਨੇਕਾਂ ਵਾਰ ਮੈਨੇਜਮੈਂਟ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ ਪਰ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਇਨ੍ਹਾਂ ਨੂੰ ਮਨਜ਼ੂਰ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਜਿਸ ਕਾਰਨ ਐੱਲ.ਆਈ.ਸੀ. ਏਜੰਟਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ ਦੇਸ਼ ਵਿਆਪੀ ਰੋਸ ਧਰਨੇ ਦਿੱਤੇ ਜਾ ਰਹੇ ਹਨ ਪਰ ਮੈਨੇਜਮੈਂਟ ਦੇ ਰਵੱਈਏ ਖ਼ਿਲਾਫ਼ ਏਜੰਟਾਂ ਨੂੰ ਅੱਜ ਕਲਮਛੋੜ ਹੜਤਾਲ ਕਰ ਕੇ ਇੱਕ ਰੋਜ਼ਾ ਰੋਸ ਧਰਨੇ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਯੂਨੀਅਨ ਸਕੱਤਰ ਮਹਿੰਦਰ ਸਿੰਘ, ਓ.ਪੀ. ਸਿੰਗਲਾ, ਪ੍ਰੇਮ ਚੰਦ ਬਾਂਸਲ ਅਤੇ ਮੀਤ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਮੰਗ ਕੀਤੀ ਕਿ ਬੀਮਾਧਾਰਕਾਂ ਦਾ ਬੋਨਸ ਵਧਾਇਆ ਜਾਵੇ, ਪਾਲਿਸੀ ਲੋਨ ’ਤੇ ਵਿਆਜ ਦਰ ਘਟਾਈ ਜਾਵੇ, ਪੁਰਾਣੀਆਂ ਲੈਪਸ ਪਾਲਿਸੀਆਂ ਵੀ ਸਾਧਾਰਨ ਤਰੀਕੇ ਨਾਲ ਮੁੜ ਚਾਲੂ ਕੀਤੀਆਂ ਜਾਣ, ਏਜੰਟਾਂ ਦੀ ਗਰੈਚੂਟੀ ਵਧਾਈ ਜਾਵੇ ਅਤੇ ਹੋਰ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਜਸਵਿੰਦਰ ਸਿੰਘ, ਲਵਲੀਨ ਸ਼ਰਮਾ, ਸੁਰਿੰਦਰ ਪਾਲ, ਵਿਜੈ ਕੁਮਾਰ, ਡਾ. ਰਾਵਤ, ਮੇਜਰ ਸਿੰਘ ਮੱਟਰਾਂ, ਜਗਤਾਰ ਸਿੰਘ, ਗਗਨਦੀਪ ਗੌਤਮ ਤੇ ਯੋਗੇਸ਼ ਕੁਮਾਰ ਰਤਨ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।