ਪੱਤਰ ਪ੍ਰੇਰਕ
ਲਹਿਰਾਗਾਗਾ, 15 ਸਤੰਬਰ
ਥਾਣਾ ਧਰਮਗੜ੍ਹ ਦੀ ਪੁਲੀਸ ਨੇ ਐੱਸਐੱਸਪੀ ਸੰਗਰੂਰ ਦੀ ਹਦਾਇਤ ’ਤੇ ਜਸਵੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਮੈਦੇਵਾਸ ਦੀ ਸ਼ਿਕਾਇਤ ਦੇ ਆਧਾਰ ’ਤੇ ਝੋਨੇ ਦੀ ਅਦਾਇਗੀ ਨਾ ਕਰ ਕੇ ਟਾਲ-ਮਟੋਲ ਕਰਨ ਦੇ ਦੋਸ਼ ਹੇਠ ਹਰਦੀਪ ਸਿੰਘ ਵਾਸੀ ਲਾਡਵਨਜਾਰਾ ਖੁਰਦ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਧਰਮਗੜ੍ਹ ਦੇ ਐੱਸਐੱਚਓ ਨੇ ਦੱਸਿਆ ਕਿ ਜਸਵੀਰ ਸਿੰਘ ਵੱਲੋਂ 26.10.2020 ਨੂੰ 48,776 ਤੇ 29.10.2020 ਨੂੰ 1,06,014/- ਰੁਪਏ ਦੀ ਜੀਰੀ ਗੁਰੂ ਬਖਸ਼ੀਸ਼ ਟਰੇਡਿੰਗ ਕੰਪਨੀ ਆੜ੍ਹਤ ਅਨਾਜ ਮੰਡੀ ਪਾਤੜਾਂ ਨੂੰ ਵੇਚੀ ਗਈ ਸੀ। ਇਸ ਕੰਪਨੀ ਦਾ ਮਾਲਕ ਹਰਦੀਪ ਸਿੰਘ ਸ਼ਿਕਾਇਤਕਰਤਾ ਦੇ ਪਿੰਡ ਮੈਦੇਵਾਸ ਆ ਕੇ ਫਸਲ ਲੈ ਗਿਆ ਸੀ। ਫਸਲ ਦੇ ‘ਜੇ’ ਫਾਰਮ ਸ਼ਿਕਾਇਤਕਰਤਾ ਨੇ ਆਪਣੇ ਲੜਕੇ ਗਗਨਦੀਪ ਸਿੰਘ ਅਤੇ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਕਤ ਦੇ ਨਾਮ ’ਤੇ ਕਟਵਾਏ ਸਨ, ਜਿਸ ਦੇ ਬਣਦੇ ਰੁਪਏ ਹਰਦੀਪ ਸਿੰਘ ਨੇ ਦੁਕਾਨ ਤੋਂ ਲੈਣ ਲਈ ਕਿਹਾ ਸੀ। ਉਸ ਤੋਂ ਬਾਅਦ ਹਰਦੀਪ ਸਿੰਘ ਸ਼ਿਕਾਇਤਕਰਤਾ ਨੂੰ ਰੁਪਏ ਦੇਣ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਪੁਲੀਸ ਮਸਲੇ ਦੀ ਜਾਂਚ ਕਰ ਰਹੀ ਹੈ।