ਰਾਜਿੰਦਰ ਜੈਦਕਾ
ਅਮਰਗੜ੍ਹ, 1 ਜੁਲਾਈ
ਪਿੰਡ ਤੋਲੇਵਾਲ ਵਿੱਚ ਗ੍ਰਾਮ ਪੰਚਾਇਤ ਦਾ ਇਜਲਾਸ ਬੁਲਾਉਣ ਸਬੰਧੀ ਗੁਰਦੁਆਰੇ ਵਿਖੇ ਮੁਨਾਦੀ ਕਰਵਾਉਣ ਲਈ ਮਹਿਲਾ ਸਰਪੰਚ ਨੂੰ ਪਿੰਡ ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਰੋਕਣ ’ਤੇ ਮਾਮਲਾ ਭਖ ਗਿਆ। ਪਿੰਡ ਦੇ ਲੋਕਾਂ ਨੇ ਥਾਣੇ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਜ਼ਮੀਨ ਸੰਘਰਸ਼ ਕਮੇਟੀ ਆਗੂ ਬੇਅੰਤ ਸਿੰਘ ਤੋਲੇਵਾਲ ਨੇ ਦੋਸ਼ ਲਾਇਆ ਕਿ ਗੁਰੂ ਘਰ ਵਿੱਚ ਜਾਣ ਵਾਲੇ ਦਲਿਤਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੇ ਗੁਰੂ ਘਰ ਜਾਣਾ ਛੱਡ ਦਿੱਤਾ ਹੈ। ਰਾਖਵੇਂ ਹਿੱਸੇ ਦੀ ਜ਼ਮੀਨ ਦੇ ਮੱਦੇਨਜ਼ਰ ਵੀ ਦਲਿਤ ਲੋਕਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦੀ ਸਰਪੰਚ ਤੇ ਹੋਰ ਲੋਕ ਗੁਰਦੁਆਰੇ ਗਏ ਤਾਂ ਉਨ੍ਹਾਂ ਨੂੰ ਮੁਨਾਦੀ ਕਰਨ ਤੋਂ ਰੋਕਿਆ ਗਿਆ ਅਤੇ ਗੁਰੂ ਘਰ ਨੂੰ ਜਿੰਦਾ ਲਗਾ ਦਿੱਤਾ ਗਿਆ।
ਇਸ ਸਬੰਧੀ ਗੁਰਦੁਆਰੇ ਦੇ ਗ੍ਰੰਥੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਵਾਰ ਮੁਨਾਦੀ ਕਰ ਦਿੱਤੀ ਸੀ ਪਰ ਪਿੰਡ ਦੇ ਕੁਝ ਵਿਅਕਤੀਆਂ ਨੇ ਤੀਜੀ ਵਾਰ ਮੁਨਾਦੀ ਕਰਨ ਤੋਂ ਸਬੰਧਿਤ ਵਿਅਕਤੀਆਂ ਨੂੰ ਮਨ੍ਹਾਂ ਕਰ ਦਿੱਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਉਸ ਨੇ ਕਦੇ ਵੀ ਕਿਸੇ ਨੂੰ ਮੁਨਾਦੀ ਕਰਨ ਤੋਂ ਨਹੀਂ ਰੋਕਿਆ। ਗੁਰੂ ਘਰ ਨੂੰ ਜਿੰਦਾ ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਹਰ ਰੋਜ਼ ਦੁਪਿਹਰ ਵੇਲੇ ਬੇਅਦਬੀ ਡਰੋਂ ਗੁਰੂ ਘਰ ਨੂੰ ਜਿੰਦਾ ਲਗਾ ਦਿੱਤਾ ਜਾਂਦਾ ਹੈ। ਇਸ ਸਬੰਧੀ ਸਬ-ਇੰਸਪੈਕਟਰ ਸੋਹਨ ਲਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।