ਪੱਤਰ ਪ੍ਰੇਰਕ
ਭਵਾਨੀਗੜ੍ਹ, 15 ਜੁਲਾਈ
ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੁਲੀਸ ਨੇ ਪਿੰਡ ਨਕਟੇ ਦੀ ਮੌਜੂਦਾ ਮਹਿਲਾ ਸਰਪੰਚ, ਉਸ ਦੇ ਪਤੀ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ। ਦਫ਼ਤਰ ਉਪ ਮੰਡਲ ਇੰਜਨੀਅਰ ਉਸਾਰੀ ਸ਼ਾਖਾ ਸੰਗਰੂਰ ਵੱਲੋਂ ਥਾਣਾ ਭਵਾਨੀਗੜ੍ਹ ਨੂੰ ਪਿੰਡ ਨਕਟੇ ਤੋਂ ਗੂਗਾ ਮਾੜੀ ਤੱਕ ਬਣ ਰਹੀ ਸੜਕ ਨੂੰ ਨਾਜਾਇਜ਼ ਤੌਰ ’ਤੇ ਪੁੱਟਣ ਸਬੰਧੀ ਸ਼ਿਕਾਇਤ ਦਿੱਤੀ ਗਈ। ਇਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਨਕਟੇ ਦੀ ਮੌਜੂਦਾ ਸਰਪੰਚ ਵਿਦਿਆ ਦੇਵੀ, ਉਸਦੇ ਪਤੀ ਚਾਂਦੀ ਰਾਮ ਅਤੇ ਹਜ਼ਾਰਾ ਸਿੰਘ ਸਾਰੇ ਵਾਸੀ ਨਕਟੇ ਅਤੇ ਹੋਰ 2 ਨਾਮਾਲੂਮ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਬੀਤੀ 22 ਮਈ ਨੂੰ ਵਿਭਾਗ ਤੋਂ ਬਿਨਾਂ ਕਿਸੇ ਮਨਜ਼ੂਰੀ ਲਏ ਸੜਕ ਨੂੰ ਪੁੱਟ ਕੇ ਪੁਲੀ ਦੀ ਉਸਾਰੀ ਕਰਕੇ ਸਰਕਾਰੀ ਜਾਇਦਾਦ ਦਾ ਨੁਕਸਾਨ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਉਕਤ ਵਿਅਕਤੀਆਂ ਖਿਲਾਫ਼ ਥਾਣਾ ਭਵਾਨੀਗੜ੍ਹ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮਾਮਲੇ ਸਬੰਧੀ ਮਹਿਲਾ ਸਰਪੰਚ ਵਿਦਿਆ ਦੇਵੀ ਦੇ ਪਤੀ ਚਾਂਦੀ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਹਿਕਮੇ ਤੋਂ ਪੁੱਛ ਕੇ ਪੁਲੀ ਬਣਾਈ ਸੀ, ਪਰ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ।