ਪੱਤਰ ਪ੍ਰੇਰਕ
ਲਹਿਰਾਗਾਗਾ, 23 ਅਕਤੂਬਰ
ਥਾਣਾ ਧਰਮਗੜ੍ਹ ਦੀ ਪੁਲੀਸ ਨੇ ਪਿੰਡ ਗੰਢੂਆਂ ਵਿੱਚੋਂ ਇੱਕ ਵਿਅਕਤੀ ਕੋਲੋਂ 82 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਸੰਤਰੂਪ ਸਿੰਘ ਸੰਤਾ ਵਾਸੀ ਗੰਢੂਆਂ ਥਾਣਾ ਧਰਮਗੜ੍ਹ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਤਰੂਪ ਸਿੰਘ ਬਾਹਰੋਂ ਭੁੱਕੀ ਲਿਆ ਕੇ ਵੇਚਦਾ ਹੈ। ਉਸ ਨੇ ਅੱਜ ਬਾਹਰੋਂ ਭਾਰੀ ਮਾਤਰਾ ਵਿੱਚ ਭੁੱਕੀ ਲਿਆ ਕੇ ਗੰਢੂਆਂ ਤੋਂ ਸੰਗਤਪੁਰਾ ਸੜਕ ’ਤੇ ਆਪਣੇ ਖੇਤ ਵਿੱਚ ਛਿਪਾ ਕੇ ਰੱਖੀ ਹੋਈ ਹੈ। ਉਹ ਇਸ ਸਮੇਂ ਗਾਹਕਾ ਦੀ ਉਡੀਕ ਕਰ ਰਿਹਾ ਹੈ। ਪੁਲੀਸ ਨੇ ਖੇਤਾਂ ਵਿੱਚ ਛਾਪਾ ਮਾਰ ਕੇ 82 ਕਿਲੋ ਭੁੱਕੀ ਬਰਾਮਦ ਕੀਤੀ। ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਸੰਤਰੂਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।